Ferozepur News : ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਨਸੂਰਵਾਲ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਜਾਰੀ ਹੈ। ਪੁਲਿਸ ਨੇ ਬੀਤੇ ਦਿਨੀਂ ਮਾਮਲਾ ਦਰਜ ਕੀਤਾ ਸੀ ਅਤੇ ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਪੁਲਿਸ ਉਨ੍ਹਾਂ ਨੂੰ ਫੜ ਰਹੀ ਹੈ।  ਪੁਲਿਸ ਵੱਲੋਂ ਮਨਸੂਰਵਾਲ ਦੀ ਸ਼ਰਾਬ ਫੈਕਟਰੀ ਦੇ ਇੱਕ ਕਿਲੋਮੀਟਰ ਪਹਿਲਾਂ ਮੋੜ ’ਤੇ ਕਿਸਾਨਾਂ ਨੇ ਟੈਂਟ ਲਗਾ ਕੇ ਚੈੱਕ ਪੋਸਟ ਬਣਾਈ ਹੋਈ ਸੀ ,ਉਸਨੂੰ ਪੁਲਿਸ ਨੇ ਉਖਾੜ ਦਿੱਤਾ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਓਥੇ ਹੀ ਮੋਰਚੇ 'ਤੇ ਪਹੁੰਚ ਰਹੇ ਕਿਸਾਨਾਂ ਨੂੰ ਫ਼ੜ ਕੇ ਹਿਰਾਸਤ 'ਚ ਲਿਆ ਹੈ।

 

ਦਰਅਸਲ 'ਚ ਪਿਛਲੇ ਸਾਢੇ 4 ਮਹੀਨਿਆਂ ਤੋਂ 40 ਤੋਂ 50 ਪਿੰਡ ਵਾਸੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਲਕਾ ਜੀਰਾ, ਫਿਰੋਜ਼ਪੁਰ ਦੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਦੀ ਫੈਕਟਰੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਕੋਈ ਹੱਲ ਨਹੀਂ ਨਿਕਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮਾਨਯੋਗ ਹਾਈਕੋਰਟ ਵੱਲੋਂ 20 ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਇਸ ਧਰਨੇ ਨੂੰ ਚੁਕਵਾਉਣ ਚਾਹੁੰਦੀ ਹੈ। 


ਮਨਸੂਰਵਾਲ ਦੀ ਸ਼ਰਾਬ ਫੈਕਟਰੀ ਤੋਂ ਇੱਕ ਕਿਲੋਮੀਟਰ ਪਹਿਲਾਂ ਮੋੜ 'ਤੇ ਕਿਸਾਨਾਂ ਨੇ ਟੈਂਟ ਲਗਾ ਕੇ ਨਾਕਾ ਲਾਇਆ ਹੋਇਆ ਸੀ, ਜਿਸ ਨੂੰ ਪੁਲਿਸ ਨੇ ਉਖਾੜ ਦਿੱਤਾ ਸੀ ਅਤੇ ਉਥੋਂ ਪੁਲਿਸ ਨੇ ਮੋਰਚੇ 'ਤੇ ਪਹੁੰਚ ਰਹੇ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਰਹੀ ਹੈ, ਇਹ ਗਲਤ ਹੈ।


ਐਸ.ਐਸ.ਪੀ ਫਿਰੋਜ਼ਪੁਰ ਕੰਵਰਦੀਪ ਕੌਰ ਨੇ ਦੱਸਿਆ ਕਿ ਉਹਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ,ਜਿਹਨਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ ਅਤੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਰਾਬ ਫੈਕਟਰੀ ਦੇ ਸਾਹਮਣੇ ਧਰਨਾ ਖਤਮ ਕਰਵਾਉਣਗੇ।  ਪੁਲਿਸ ਨੇ ਧਰਨਾਕਾਰੀਆਂ ਦੇ ਟੈਂਟ ਅਤੇ ਸਮਾਨ ਨੂੰ ਜ਼ਬਰਦਸਤੀ ਚੁੱਕ ਕੇ ਉਥੋਂ ਰਸਤਾ ਸਾਫ਼ ਕਰਵਾ ਦਿੱਤਾ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਨੇ ਕਿਹਾ ਕਿ ਹਾਈਕੋਰਟ ਦਾ ਹੁਕਮ ਹੈ। 

ਇਸੇ ਸੰਘਰਸ਼ ਤੋਂ ਬਾਅਦ ਮੋਰਚੇ ’ਤੇ ਪੁੱਜੇ ਕਿਸਾਨ ਆਗੂ ਬੂਟਾ ਸਿੰਘ ਬੁਰਜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਸਾਥ ਦੇਣ ਦੀ ਬਜਾਏ ਫੈਕਟਰੀ ਮਾਲਕ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੇ ਇਲਾਕੇ ਵਿੱਚ ਸ਼ਰਾਬ ਦੀ ਫੈਕਟਰੀ ਨਹੀਂ ਚਾਹੁੰਦੇ ਜਾਂ ਫੈਕਟਰੀ ਉਨ੍ਹਾਂ ਦਾ ਨੁਕਸਾਨ ਕਰ ਰਹੀ ਹੈ ਤਾਂ ਸਰਕਾਰ ਇਸ ਫੈਕਟਰੀ ਨੂੰ ਬੰਦ ਕਿਉਂ ਨਹੀਂ ਕਰਦੀ, ਉਨ੍ਹਾਂ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਇਨ੍ਹਾਂ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਜਲਦੀ ਹੀ ਮੀਟਿੰਗ ਹੋਣ ਜਾ ਰਹੀ ਹੈ। ਅਤੇ ਇਹ ਮੋਰਚਾ ਕਿਸੇ ਵੀ ਕੀਮਤ 'ਤੇ ਨਹੀਂ ਉੱਠੇਗਾ।