Crime News: ਟਰਾਂਸਫਾਰਮਰਾਂ ਚੋਂ ਤੇਲ ਤੇ ਤਾਂਬਾ ਚੋਰੀ ਕਰਨ ਵਾਲੇ 9 ਗ੍ਰਿਫ਼ਤਾਰ
ਪੁਲਿਸ ਨੇ ਮੁਲਜਮਾਂ ਕੋਲੋਂ 70 ਕਿਲੋ ਤਾਂਬਾ, ਟਰਾਂਸਫਾਰਮਰ ਦੇ 5 ਖੋਲ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੇ ਹਨ। ਮੁਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੇ ਇਹ ਸਮਾਨੇ ਮੁਕਤਸਰ ਅਤੇ ਫਰੀਦਕੋਟ ਦੇ ਇਲਾਕੇ ਚੋਂ ਚੋਰੀ ਕੀਤਾ ਹੈ।
Punjab Police: ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਥਾਣਾ ਬਰੀਵਾਲਾ ਦੇ ਮੁੱਖ ਥਾਣਾ ਅਫਸਰ ਸਬ-ਇੰਸਪੈਕਟਰ ਜਗਸੀਰ ਸਿੰਘ ਦੀਆਂ ਟੀਮਾਂ ਨੇ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਜਿਲ੍ਹਿਆਂ ਵਿੱਚ ਟਰਾਂਸਫਾਰਮਰਾਂ ਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 156 ਕਿਲੋਗ੍ਰਾਮ ਤਾਂਬਾ, ਟਰਾਂਸਫਰ ਦੇ ਪੰਜ ਖੋਲ, ਟਰਾਲੀ ਸਮੇਤ 2 ਟਰੈਕਟਰ , ਇੱਕ ਮੋਟਰਸਾਇਕਲ ਅਤੇ ਟਰਾਂਸਫਰਮਰਾਂ ਨੂੰ ਖੋਲਣ ਲਈ ਵਰਤੇ ਜਾਂਦੇ ਸੰਦ ਬਰਾਮਦ ਕਰਨ’ਚ ਸਫਲਤਾ ਹਾਸਲ ਕੀਤੀ ਹੈ। ਪਹਿਲੀ ਸਫਲਤਾ ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੂੰ ਮਿਲੀ ਹੈ ਜਿੰਨ੍ਹਾਂ ਕੋਲ ਇਸ ਸਬੰਧ ’ਚ ਗੁਪਤ ਇਤਲਾਹ ਪੁੱਜੀ ਸੀ।
ਪੁਲਿਸ ਪਾਰਟੀ ਨੇ ਇਸ ਸੂਚਨਾ ਦੇ ਅਧਾਰ ਤੇ ਜਸਵੀਰ ਸਿੰਘ ਪੁੱਤਰ ਜੰਗੀਰ ਸਿੰਘ, ਬਲਵੰਤ ਸਿੰਘ ਤੇ ਕੁਲਵੰਤ ਸਿੰਘ ਪੁੱਤਰਾਨ ਪ੍ਰੀਤਮ ਸਿੰਘ, ਜਗਤਾਰ ਸਿੰਘ ਉਰਫ ਤੇਜੂ ਤੇ ਕਿਰਪਾਲ ਸਿੰਘ ਉਰਫ ਗੁੱਲੂ ਪੁੱਤਰਾਨ ਸੁੱਚਾ ਸਿੰਘ ਅਤੇ ਦਲੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀਆਨ ਪਿੰਡ ਕਾਨਿਆਂਵਾਲੀ ਨੂੰ ਉਸ ਵਕਤ ਗ੍ਰਿਫਤਾਰ ਕਰ ਲਿਆ ਜਦੋਂ ਉਹ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਲੱਗੇ ਟਰਾਸਫਾਰਮਰਾਂ ਵਿੱਚੋਂ ਚੋਰੀ ਕਰਕੇ ਲਿਆਂਦਾ ਤਾਂਬਾ ਅੱਗੇ ਵੇਚਣ ਦੀ ਫਿਰਾਕ ਵਿੱਚ ਸਨ। ਥਾਣਾ ਸਦਰ ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 86 ਕਿਲੋ ਗ੍ਰਾਮ ਤਾਂਬਾ, ਟਰੈਕਟਰ ਸੋਨਾਲੀਕਾ, ਟਰਾਲੀ ਅਤੇ ਮੋਟਰਸਾਇਕਲ ਬਰਾਮਦ ਕੀਤਾ ਹੈ।
ਇਸੇ ਤਰਾਂ ਹੌਲਦਾਰ ਸ਼ਮਿੰਦਰ ਸਿੰਘ ਥਾਣਾ ਬਰੀਵਾਲਾ ਨੇ ਵੀ ਇਤਲਾਹ ਦੇ ਅਧਾਰ ਤੇ ਰਾਮ ਜੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਨਿਆਂਵਾਲੀ, ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸਰੂਪ ਸਿੰਘ ਵਾਲਾ ਜਿਲ੍ਹਾ ਫਿਰੋਜ਼ਪੁਰ, ਧਰਮਿੰਦਰ ਸਿੰਘ ਤੇ ਜੋਗਿੰਦਰ ਸਿੰਘ ਉਰਫ ਨੋਨੀ ਪੁੱਤਰਾਨ ਬਲਵੀਰ ਸਿੰਘ ਵਾਸੀਆਨ ਟਿੱਬਾ ਬਸਤੀ ਲੱਖੇਵਾਲੀ ਨੂੰ ਗ੍ਰਿਫਤਾਰ ਕਰਕੇ ਥਾਣਾ ਬਰੀਵਾਲਾ ’ਚ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਨੇ ਮੁਲਜਮਾਂ ਕੋਲੋਂ 70 ਕਿਲੋ ਤਾਂਬਾ, ਟਰਾਂਸਫਾਰਮਰ ਦੇ 5 ਖੋਲ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੇ ਹਨ। ਮੁਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੇ ਇਹ ਸਮਾਨੇ ਮੁਕਤਸਰ ਅਤੇ ਫਰੀਦਕੋਟ ਦੇ ਇਲਾਕੇ ਚੋਂ ਚੋਰੀ ਕੀਤਾ ਹੈ। ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।