ਅਕਾਲੀ ਦਲ ਨੂੰ ਘੇਰਾ ਪਾਉਣ ਲਈ ਤਿਆਰ ਹੋ ਰਿਹਾ ‘ਸਾਂਝਾ ਪੰਥਕ ਪਲੇਟਫਾਰਮ’ ! ਭਰਤੀ ਕਮੇਟੀ ਤੇ ਅੰਮ੍ਰਿਤਪਾਲ ਦੀ ਪਾਰਟੀ ਦਾ ਹੋਇਆ ਸਮਝੌਤਾ ?
ਅਕਾਲੀ ਦਲ ਵਾਰਿਸ ਪੰਜਾਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਵੱਲੋਂ ਪੰਥਕ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਹੈ।

Punjab News: ਲੁਧਿਆਣਾ ਜਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਬਾਅਦ ਭਰਤੀ ਕਮੇਟੀ ਨੇ ਇੱਕ ਵਾਰ ਮੁੜ ਤੋਂ ਇਸ ਲਈ ਸੁਖਬੀਰ ਬਾਦਲ ਦੀ ਅਗਵਾਈ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਮੁੜ ਤੋਂ ਪੰਥਕ ਏਕਤਾ ਦੀ ਗੱਲ ਵੀ ਕੀਤੀ ਜਾ ਰਹੀ ਹੈ ਇਸ ਤਹਿਤ ਹੁਣ ਭਰਤੀ ਕਮੇਟੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਡਰਾਂ ਨਾਲ ਰਾਬਤਾ ਕਾਇਮ ਕੀਤਾ ਹੈ।
ਦਰਅਸਲ, ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਣੀ ਭਰਤੀ ਕਮੇਟੀ ਜਿੰਨਾਂ ਵਿੱਚ ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਪੰਥਕ ਏਕੇ ਦਾ ਸੱਦਾ ਲੈ ਕੈ ਪਹੁੰਚੇ। ਵਿਸ਼ੇਸ਼ ਤੌਰ ਤੇ ਭਾਈ ਦਇਆ ਸਿੰਘ ਲਹੌਰੀਆ ਵੀ ਹਾਜ਼ਰ ਸਨ।

ਅਕਾਲੀ ਦਲ ਵਾਰਿਸ ਪੰਜਾਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਵੱਲੋਂ ਪੰਥਕ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪੁਨਰ-ਸੁਰਜੀਤੀ ਲਈ ਬਣਾਈ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਧਿਰਾਂ ਨਾਲ ਤਾਲਮੇਲ ਕਰਕੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਾਂਝੇ ਤੌਰ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ਚੋਂ ਕੱਢ ਕੇ ਚੜਦੀ ਕਲਾ ਵੱਲ ਲਿਜਾਇਆ ਜਾ ਸਕੇ।
ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ਤਰਸੇਮ ਸਿੰਘ, ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ, ਅਮਰਜੀਤ ਸਿੰਘ ਬਨਚਿੜੀ, ਹਰਭਜਨ ਸਿੰਘ ਤੁੜ, ਸੁਰਜੀਤ ਸਿੰਘ ਦੌਲਤਪੁਰ ਹਾਜਰ ਸਨ।
ਅਕਾਲੀ ਦਲ ਦੀ ਹਾਰ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਕ ਹਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਡੂੰਘੀ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲ਼ੀ ਦਲ ਦਾ ਕੋਈ ਵੀ ਨੁਮਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਇਸ ਲਈ ਬਿਨਾ ਦੇਰ ਕੀਤੇ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਹਵਾਲੇ ਕਰਨੀ ਚਾਹੀਦੀ ਹੈ।





















