Chandigarh: ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਦੀ ਅੱਜ ਸਵੇਰੇ ਕਰੀਬ ਪੌਣੇ ਨੌ ਵਜੇ ਦੋ ਅਣਪਛਾਤਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਹੰਮਦ ਅਕਬਰ ਉਰਫ ਭੋਲੀ ਆਪਣੇ ਲੁਧਿਆਣਾ ਬਾਈਪਾਸ ਨੇੜੇ ਸਥਿਤ ਅਕਬਰ ਹੈਲਥ ਕਲੱਬ ਵਿਖੇ ਸੈਰ ਕਰ ਰਿਹਾ ਸੀ। ਇਸ ਮਗਰੋਂ ਵਿਰੋਧੀ ਧਿਰਾਂ ਨੇ ਸੀਐਮ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ।


ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕੰਮ ਵਿੱਚ ਅਰਵਿੰਦ ਕੇਜਰੀਵਾਲ ਦੀ ਦਖਲਅੰਦਾਜ਼ੀ ਨੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਵਿਗਾੜ ਦਿੱਤਾ ਹੈ। ਅੱਜ ਅਣਪਛਾਤੇ ਸ਼ੂਟਰਾਂ ਵੱਲੋਂ ਦਿਨ-ਦਿਹਾੜੇ 'ਆਪ' ਪੰਜਾਬ ਮਲੇਰਕੋਟਲਾ ਦੇ ਕੌਂਸਲਰ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਭੈੜੇ ਹਾਲਾਤ ਤਾਂ ਹੀ ਸੁਧਰ ਸਕਦੇ ਹਨ ਜੇਕਰ ਭਗਵੰਤ ਮਾਨ ਕਠਪੁਤਲੀ ਮੁੱਖ ਮੰਤਰੀ ਬਣਨ ਦੀ ਬਜਾਏ ਖੁਦ ਕਮਾਨ ਸੰਭਾਲਣ।



ਦੱਸ ਦਈਏ ਕਿ ਦੋ ਅਣਪਛਾਤੇ ਕਲੱਬ 'ਚ ਦਾਖ਼ਲ ਹੋ ਕੇ ਮੁਹੰਮਦ ਅਕਬਰ ਉਰਫ ਭੋਲੀ 'ਤੇ ਗੋਲੀ ਚਲਾਉਣ ਉਪਰੰਤ ਮੌਕੇ 'ਤੋਂ ਫ਼ਰਾਰ ਹੋ ਗਏ। ਮੁਹੰਮਦ ਅਕਬਰ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪਤਾ ਲੱਗਦਿਆਂ ਹੀ ਪੁਲੀਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਅਕਬਰ ਦੇ ਵੱਡੇ ਭਰਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਕਬਰ ਨੇ ਕਾਂਗਰਸ ਪਾਰਟੀ ਤੋਂ ਨਗਰ ਕੌਂਸਲਰ ਦੀ ਚੋਣ ਜਿੱਤੀ ਸੀ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਉਹ ‘ਆਪ’ ਵਿੱਚ ਸ਼ਾਮਿਲ ਹੋ ਗਏ ਸਨ। ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁਹੰਮਦ ਅਕਬਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।