ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ ਚੋਣ ਜ਼ਾਬਤੇ ਦੌਰਾਨ ਪੰਜਾਬ ਵਿੱਚੋਂ ਫੜੇ ਗਏ ਨਸ਼ੇ ਤੇ ਨਕਦੀ ਦੀ ਜਾਂਚ ਕੀਤੀ ਜਾਵੇ ਤਾਂ ਇਸ ਦੇ ਤਾਰ ਅਕਾਲੀ ਦਲ ਤੇ ਕਾਂਗਰਸ ਨਾਲ ਜੁੜਨਗੇ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੋਣ ਜ਼ਾਬਤੇ ਦੌਰਾਨ ਸੂਬੇ 'ਚ ਜ਼ਬਤ ਹੋਏ ਪੌਣੇ 300 ਕਰੋੜ ਦੀ ਡਰੱਗ, ਸ਼ਰਾਬ ਅਤੇ ਨਕਦੀ ਇਸ ਦੋਸ਼ ਦੀ ਪੁਸ਼ਟੀ ਕਰਦੀ ਹੈ ਕਿ ਰਿਵਾਇਤੀ ਪਾਰਟੀਆਂ ਪੈਸੇ ਤੇ ਨਸ਼ੇ ਦੇ ਜ਼ੋਰ 'ਤੇ ਵੋਟਾਂ ਪ੍ਰਭਾਵਿਤ ਕਰਦੀਆਂ ਹਨ।


ਪ੍ਰੈਸ ਬਿਆਨ ਰਾਹੀਂ ਚੀਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 10 ਮਾਰਚ ਤੋਂ ਲੈ ਕੇ ਲੰਘੀ 5 ਮਈ ਤਕ ਦੇ ਅੰਕੜਿਆਂ ਮੁਤਾਬਿਕ ਸੂਬੇ 'ਚ 275 ਕਰੋੜ ਰੁਪਏ ਦੀ ਦਾਰੂ, ਡਰੱਗ ਅਤੇ ਨਕਦ ਰਕਮ ਫੜੀ ਗਈ ਹੈ। ਜਿਸ 'ਚ 9.1 ਕਰੋੜ ਰੁਪਏ ਦੀ 12 ਲੱਖ 28 ਹਜ਼ਾਰ 781 ਲੀਟਰ ਸ਼ਰਾਬ, 212 ਕਰੋੜ ਰੁਪਏ ਦੀ 7668 ਕਿੱਲੋ ਡਰੱਗ, 30.99 ਕਰੋੜ ਰੁਪਏ ਦੀ ਨਕਦੀ ਅਤੇ 21.95 ਕਰੋੜ ਰੁਪਏ ਦਾ ਸੋਨਾ ਅਤੇ ਚਾਂਦੀ ਜ਼ਬਤ ਕੀਤੇ ਗਏ ਹਨ। ਚੀਮਾ ਨੇ ਖ਼ਦਸ਼ਾ ਜਤਾਇਆ ਕਿ ਇਹ ਪਾਬੰਦੀਸ਼ੁਦਾ ਸਮਾਨ ਦੀ ਬਰਾਮਦਗੀ ਕਾਫੀ ਘੱਟ ਹੈ ਤੇ ਵੱਡੀ ਗਿਣਤੀ ਵਿੱਚ ਨਸ਼ੇ ਤੇ ਨਕਦੀ ਪਕੜ ਤੋਂ ਬਾਹਰ ਹਨ ਅਤੇ ਉਸ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਜਾਵੇਗਾ।

ਚੀਮਾ ਨੇ ਮੰਗ ਕੀਤੀ ਕਿ ਫੜੀ ਗਈ ਨਕਦੀ ਅਤੇ ਨਸ਼ਾ ਸਮਗਰੀ ਦੀ ਜੇਕਰ ਬਾਰੀਕੀ ਨਾਲ ਜਾਂਚ ਹੋਵੇ ਤਾਂ ਇਸ ਦੀਆਂ ਤਾਰਾਂ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸੀਆਂ ਅਤੇ ਇਨ੍ਹਾਂ ਦੇ ਸਿਆਸੀ ਏਜੰਟਾਂ ਨਾਲ ਜੁੜਨਗੀਆਂ। ਉਨ੍ਹਾਂ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਵਾਲੀਆਂ ਤਰਕੀਬਾਂ ਤੋਂ ਜਾਗਰੂਕ ਹੋਣ ਦੀ ਅਪੀਲ ਵੀ ਕੀਤੀ।