ਚੰਡੀਗੜ੍ਹ: ਬਿਜਲੀ ਦਰਾਂ ਵਿੱਚ ਵਾਧੇ ਲਈ ਪਿਛਲੀ ਅਕਾਲੀ ਦਲ-ਬੀਜੇਪੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕਾਂਗਰਸ ਕਸੂਤੀ ਫਸ ਗਈ ਹੈ। ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਸਰਕਾਰ ਕੋਲੋਂ ਪੁੱਛਿਆ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਤੇ ਪੇਡਾ ਰਾਹੀਂ ਗੈਰ ਰਵਾਇਤੀ ਊਰਜਾ ਪ੍ਰੋਜੈਕਟ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਦਰਾਂ ‘ਤੇ ਬਿਜਲੀ ਖ਼ਰੀਦਣ ਸਬੰਧੀ ਕੀਤੇ ਸਮਝੌਤਿਆਂ ਨੂੰ ਰੱਦ ਕਰਕੇ ਵਾਜਬ ਦਰਾਂ ਉੱਤੇ ਨਵੇਂ ਸਿਰਿਓਂ ਸਮਝੌਤੇ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਕਿਉਂ ਭੱਜ ਰਹੀ ਹੈ?
ਇੱਕ ਸਾਂਝੇ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਇਸ ਕਾਰਵਾਈ ਲਈ ਵੀ ਖ਼ਜ਼ਾਨੇ ‘ਚ ਪੈਸਿਆਂ ਦੀ ਕਮੀ ਅੜਿੱਕਾ ਬਣੀ ਹੈ? ਜਾਂ ਫਿਰ ਕੈਪਟਨ ਵੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੀਤੇ ਗਏ ਕੋਰੜਾ-ਅਰਬਾਂ ਰੁਪਏ ਦੇ ਘਪਲੇ ‘ਚ ਹਿੱਸੇਦਾਰ ਬਣ ਗਏ ਹਨ?
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੂੰ ਕਰੜੇ ਹੱਥੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ‘‘ਜਾਖੜ ਸਾਹਿਬ! ਇਹ ਨਾ ਦੱਸੋ ਕਿ ਬਾਦਲਾਂ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲ ਕੇ ਮਹਿੰਗੀ ਬਿਜਲੀ ਦੇ ਕੰਡੇ ਬੀਜੇ ਹਨ, ਕਿਉਂਕਿ ਇਹ ਗੱਲ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਾਦਲਾਂ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਸਮਝੌਤੇ ਕਰਨ ਲਈ ਕਰੋੜਾਂ-ਅਰਬਾਂ ਦੀ ਦਲਾਲੀ ਦਾ ਖੇਡ-ਖੇਡਿਆ ਹੈ। ਇਸ ਲਈ ਇਹ ਦੱਸੋ ਕਿ 7 ਮਹੀਨਿਆਂ ਦੀ ਸੱਤਾ ਦੌਰਾਨ ਵੱਡੇ ਭ੍ਰਿਸ਼ਟਾਚਾਰ ਨਾਲ ਭਰੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਤੇ ਨਵੇਂ ਸਿਰਿਓਂ ਸਮਝੌਤੇ ਕਰਨ ਲਈ ਤੁਹਾਡੀ ਸਰਕਾਰ ਨੇ ਕੀ ਕਦਮ ਚੁੱਕਿਆ ਹੈ?
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਐਗਰੀਮੈਂਟ ਰੱਦ ਕਰ ਕੇ ਸੂਬੇ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਤੇ ਬਾਦਲਾਂ ਤੋਂ ਇਸ ਘੁਟਾਲੇ ਦਾ ਹਿਸਾਬ ਲਿਆ ਜਾਵੇਗਾ ਪਰ ਸਰਕਾਰ ਬਣਨ ਪਿੱਛੋਂ ਕੈਪਟਨ ਨੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਟੀ.ਐਸ.ਪੀ.ਐਲ ਤਲਵੰਡੀ ਸਾਬੋ, ਜੀ.ਵੀ.ਕੇ ਗੋਇੰਦਵਾਲ ਸਾਹਿਬ ਤੇ ਐਨ.ਪੀ.ਐਲ ਰਾਜਪੁਰਾ ਨਾਲ ਕੀਤੇ ਸਮਝੌਤੇ ਰੱਦ ਕਰਕੇ ਨਵਿਆਉਣ ਦੀ ਥਾਂ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਹੀ ਬੰਦ ਕਰਨ ਦਾ ਮੰਦਭਾਗਾ ਫ਼ੈਸਲਾ ਲੈ ਲਿਆ, ਜਿਸ ਨਾਲ ਜਿੱਥੇ ਪੰਜਾਬ ਦੇ ਲੋਕਾਂ ਦੀ ਸਸਤੀ ਬਿਜਲੀ ਦੀ ਉਮੀਦ ਟੁੱਟ ਗਈ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਅਤੇ ਰੁਜ਼ਗਾਰ ਉੱਤੇ ਵੀ ਗਾਜ ਡੇਗ ਦਿੱਤੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਸੁਨੀਲ ਜਾਖੜ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਕਿਉਂਕਿ ਜਾਖੜ ਨੇ ਖ਼ੁਦ ਮੰਨਿਆ ਹੈ ਕਿ ਤਲਵੰਡੀ ਸਾਬੋ ਤੋਂ 5.40 ਰੁਪਏ, ਗੋਇੰਦਵਾਲ ਸਾਹਿਬ ਤੋਂ 8.70 ਰੁਪਏ ਤੇ ਰਾਜਪੁਰਾ ਥਰਮਲ ਪਲਾਂਟ ਤੋਂ 3.40 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੇ ਜਾਣ ਦੇ ਨਾਲ-ਨਾਲ ਇਹ ਸਮਝੌਤਾ ਹੋਇਆ ਹੈ ਕਿ ਬਿਜਲੀ ਖ਼ਰੀਦੋ ਚਾਹੇ ਨਾ ਪਰ ਪੰਜਾਬ ਸਰਕਾਰ ਨੂੰ ਇਨ੍ਹਾਂ ਤਿੰਨਾਂ ਥਰਮਲ ਪਲਾਂਟਾਂ ਨੂੰ 3700 ਕਰੋੜ ਰੁਪਏ ‘ਫਿਕਸਡ ਚਾਰਜ’ ਵਜੋਂ ਦੇਣੇ ਹੀ ਪੈਣਗੇ। ਜਦਕਿ ਇਨ੍ਹਾਂ ਦੇ ਉਲਟ ਸਰਕਾਰੀ ਥਰਮਲ ਪਲਾਂਟਾਂ ਦੀ ਬਿਜਲੀ ਬੇਹੱਦ ਸਸਤੀ ਦਰ ‘ਤੇ ਪੈਦਾ ਹੋ ਰਹੀ ਹੈ, ਐਨਾ ਹੀ ਨਹੀਂ ਸਾਸਨ ਬਿਜਲੀ ਘਰ 1.32 ਰੁਪਏ ਅਤੇ ਮੁੰਦਰਾ ਥਰਮਲ ਪਲਾਂਟ ਤੋਂ 2.20 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਪੁਰਾਣੇ ਮਹਿੰਗੇ ਸਮਝੌਤੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੀਆਂ ਦਰਾਂ ਵਾਲੇ ਸਮਝੌਤੇ ਕਰ ਕੇ ਆਪਣਾ ਚੋਣ ਵਾਅਦਾ ਪੂਰਾ ਨਾ ਕੀਤਾ ਅਤੇ ਇਸ ਪੂਰੇ ਘੁਟਾਲੇ ਵਿਚ ਬਾਦਲਾਂ ਵਿਰੁੱਧ ਉੱਚ ਪੱਧਰੀ ਜਾਂਚ ਨਾ ਕਰਵਾਈ ਤਾਂ ‘ਆਪ’ ਸੂਬਾ ਪੱਧਰੀ ਜਨ-ਅੰਦੋਲਨ ਵਿੱਢੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਵੀ ਪੁਤਲੇ ਫੂਕੇ ਜਾਣਗੇ।