ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ ਨਿਰਾਸ਼ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ।

ਦਰਅਸਲ ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਕਰਕੇ ਸ਼ਰਧਾਲੂ ਨਿਰਾਸ਼ ਹਨ। ਸੂਤਰਾਂ ਮੁਤਾਬਕ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਬਜ਼ੁਰਗਾਂ ਕੋਲ ਪਾਸਪੋਰਟ ਵੀ ਨਹੀਂ ਹਨ। ਇਸ ਦੇ ਬਾਵਜੂਦ ਲੋਕ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ 9 ਨਵੰਬਰ ਨੂੰ ਉਦਘਾਟਨ ਵਾਲੇ ਦਿਨ 897 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। 10 ਨਵੰਬਰ ਨੂੰ 229, 11 ਨਵੰਬਰ ਨੂੰ 122 ਤੇ 12 ਨਵੰਬਰ ਨੂੰ 546 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ ਹੈ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ।

ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਪ੍ਰਕਿਰਿਆ ਹੋਰ ਸੌਖੀ ਕਰਨ ਤੇ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੌਜੂਦਾ ਪ੍ਰਕਿਰਿਆ ਤੇ ਸ਼ਰਤਾਂ ਦੇ ਹਿਸਾਬ ਨਾਲ ਦੇਸ਼ ਤੇ ਸੂਬੇ ਦੀ ਵੱਡੀ ਗਿਣਤੀ ਚਾਹ ਕੇ ਵੀ ਕੌਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀ, ਕਿਉਂਕਿ ਦਰਸ਼ਨਾਂ ਲਈ ਦਰਖਾਸਤ ਦੇਣ ਦੀ ਪ੍ਰਕਿਰਿਆ ਜ਼ਿਆਦਾ ਜਟਿਲ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਪ੍ਰਕਿਰਿਆ ਸੌਖੀ ਬਣਾਈ ਜਾਵੇ।

ਚੀਮਾ ਨੇ ਕੋਰੀਡੋਰ ਰਾਹੀਂ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਸਭ ਤੋਂ ਵੱਡਾ ਅੜਿੱਕਾ ਪਾਸਪੋਰਟ ਦੀ ਸ਼ਰਤ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਗੈਰ-ਜ਼ਰੂਰੀ ਸ਼ਰਤ ਹੈ, ਜਿਸ ਕਾਰਨ ਅੱਧੇ ਤੋਂ ਜ਼ਿਆਦਾ ਆਬਾਦੀ ਚਾਹ ਕੇ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੋਚ ਨਹੀਂ ਸਕਦੀ, ਕਿਉਂਕਿ ਉਸ ਕੋਲ ਪਾਸਪੋਰਟ ਹੀ ਨਹੀਂ। ਚੀਮਾ ਨੇ ਕਿਹਾ, 'ਅੰਦਾਜ਼ਾ ਹੈ ਕਿ 60 ਪ੍ਰਤੀਸ਼ਤ ਲੋਕਾਂ ਕੋਲ ਪਾਸਪੋਰਟ ਹੀ ਨਹੀਂ ਹਨ। ਜਿੰਨਾ 'ਚ ਗ਼ਰੀਬ ਅਤੇ ਆਮ ਲੋਕ ਸ਼ੁਮਾਰ ਹਨ, ਜੋ ਪਾਸਪੋਰਟ ਬਣਾਉਣ ਦੀ ਵਿੱਤੀ ਗੁੰਜਾਇਸ਼ ਨਹੀਂ ਰੱਖਦੇ। ਇਹ ਵੀ ਹਕੀਕਤ ਹੈ ਕਿ ਇਨ੍ਹਾਂ 'ਚੋਂ ਬਹੁਤਿਆਂ ਨੂੰ ਪਾਸਪੋਰਟ ਦੀ ਜ਼ਰੂਰਤ ਹੀ ਨਹੀਂ।'