ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਇਸ ਵਾਰ ਅੰਦਰੂਨੀ ਕਲੇਸ਼ ਦੇ ਨਾਲ-ਨਾਲ ਵਿੱਤੀ ਸੰਕਟ ਦਾ ਵੀ ਸਾਹਮਣਾ ਕਰ ਰਹੀ ਹੈ। ਇਸ ਵਾਰ ਪਾਰਟੀ ਨੂੰ ਵਿਦੇਸ਼ਾਂ ਤੋਂ ਡਾਲਰਾਂ ਦੀ ਬਾਰਸ਼ ਨਹੀਂ ਹੋ ਰਹੀ। ਇਸ ਤੋਂ ਇਲਾਵਾ ਪੰਜਾਬ ਵਿੱਚੋਂ ਵੀ ਖਾਸ ਚੋਣ ਫੰਡ ਹਾਸਲ ਨਹੀਂ ਹੋ ਰਿਹਾ। ਅਜਿਹੇ ਵਿੱਚ ਪਾਰਟੀ ਲਈ ਸਭ ਤੋਂ ਵੱਡੀ ਸਮੱਸਿਆ ਚੋਣਾਂ ਵਿੱਚ ਹੋਣ ਵਾਲਾ ਖਰਚਾ ਹੀ ਹੈ। ਇਸ ਲਈ ਪਾਰਟੀ ਨੇ ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦੇ ਵਿੱਚ ਤਰਜੀਹ ਦਿੱਤੀ ਹੈ ਜੋ ਚੋਣਾਂ ਵਿੱਚ ਆਪਣੇ ਕੋਲੋਂ ਪੈਸਾ ਖਰਚ ਸਕਦਾ ਹੋਵੇ।

ਯਾਦ ਰਹੇ 2014 ਦੀਆਂ ਲੋਕ ਸਭਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ 'ਆਪ' ਨੂੰ ਵਿਦੇਸ਼ਾਂ ਨੂੰ ਬੇਹੱਦ ਫੰਡ ਆਏ ਸੀ। ਇੱਥੋਂ ਤੱਕ ਪੰਜਾਬ ਦੀ ਇਕਾਈ ਨੇ ਦਿੱਲੀ ਵਾਲਿਆਂ ਦੀ ਵੀ ਵਿੱਤੀ ਮਦਦ ਕੀਤੀ ਸੀ। ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਇਸ ਵਾਲ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਕੋਈ ਬਹੁਤਾ ਉਤਸ਼ਾਹ ਨਹੀਂ ਵਿਖਾ ਰਹੇ। ਇਸ ਕਰਕੇ ਪਾਰਟੀ ਵਿੱਤੀ ਸੰਕਟ ਦਾ ਸ਼ਿਕਾਰ ਹੈ। ਪਾਰਟੀ ਨੇ ਹੁਣ ਵਿੱਤੀ ਸੰਕਟ ਨਾਲ ਨਜਿੱਠਣ ਲਈ ਖਾਸ ਰਣਨੀਤੀ ਵੀ ਬਣਾਈ ਹੈ। ਇਸ ਤਹਿਤ ਪਾਰਟੀ ਆਪਣੇ ਵਲੰਟੀਅਰਾਂ ਦੀ ਫੌਜ ਨੂੰ ਵਰਤ ਕੇ ਫੰਡਾਂ ਦੀ ਘਾਟ ਨੂੰ ਪੂਰਾ ਕਰੇਗੀ।

ਪਾਰਟੀ ਸੂਤਰਾਂ ਮੁਤਾਬਕ ਇਸ ਵਾਰ ਲੋਕ ਸਭਾ ਚੋਣਾਂ ਨੋਟਾਂ ਦੀ ਥਾਂ ਵਾਲੰਟੀਅਰਾਂ ਦੇ ਬਲਬੂਤੇ ਲੜਣ ਦੀ ਰਣਨੀਤੀ ਬਣਾਈ ਗਈ ਹੈ। ਪਾਰਟੀ ਨੇ ਇਸ ਬਾਰੇ ਵਿਆਪਕ ਚੋਣ ਰਣਨੀਤੀ ਘੜੀ ਹੈ। ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਾਰਟੀ ਫੰਡਾਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਕਰਕੇ ਪਾਰਟੀ ਇਸ ਵਾਰ ਇਸ਼ਤਿਹਾਰਾਂ, ਬੈਨਰਾਂ, ਮਸ਼ਹੂਰੀਆਂ ਤੇ ਗੱਡੀਆਂ ਰਾਹੀਂ ਪ੍ਰਚਾਰ ਕਰਨ ਦੀ ਥਾਂ ਵਾਲੰਟੀਅਰਾਂ ਰਾਹੀਂ ਹੀ ਪ੍ਰਚਾਰ ਕਰਵਾਏਗੀ।

ਉਨ੍ਹਾਂ ਕਿਹਾ ਕਿ ਉਂਜ ਵੀ ‘ਆਪ’ ਦੀ ਅਸਲ ਤਾਕਤ ਉਸ ਦੇ ਵਾਲੰਟੀਅਰ ਹੀ ਹਨ। ਇਸ ਤਹਿਤ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ 31, 51 ਤੇ 101 ਮੈਂਬਰੀ ਵਾਲੰਟੀਅਰਾਂ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਚੋਣ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਅਮਨ ਅਰੋੜਾ ਟੀਮ ਸਣੇ ਸੂਬਾ ਭਰ ਵਿੱਚ ਵਾਲੰਟੀਅਰਾਂ ਦੇ ਘਰ-ਘਰ ਜਾਣ ਦੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਬੁੱਧ ਰਾਮ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਵਿਲੱਖਣ ਪ੍ਰਾਪਤੀਆਂ ਤੇ ਕਾਰਗੁਜ਼ਾਰੀਆਂ ਨੂੰ ਵਾਲੰਟੀਅਰਾਂ ਰਾਹੀਂ ਪੰਜਾਬ ਦੇ ਹਰ ਬੂਹੇ ਤਕ ਪਹੁੰਚਾਇਆ ਜਾ ਰਿਹਾ ਹੈ।

ਕਾਬਲੇਗੌਰ ਹੈ ਕਿ ਪਹਿਲਾਂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਵੱਲੋਂ ਲਿਖਿਆ ਪੱਤਰ ਘਰ-ਘਰ ਪਹੁੰਚਾਉਣ ਲਈ ਕਿਹਾ ਸੀ। ਹੁਣ ਵਾਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਕੇਜਰੀਵਾਲ ਵੱਲੋਂ ਦਿੱਲੀ ਸਰਕਾਰ ਦੇ ਟੌਲ ਫਰੀ ਨੰਬਰ (1076) ਰਾਹੀਂ ਚਲਾਏ ‘ਹੋਮ ਡਲਿਵਰੀ’ ਪ੍ਰੋਗਰਾਮ ਨੂੰ ਪਹਿਲ ਦੇ ਆਧਾਰ ’ਤੇ ਪੰਜਾਬੀਆਂ ਦੇ ਸਨਮੁੱਖ ਰੱਖਿਆ ਜਾ ਰਿਹਾ ਹੈ। ਇਸ ਤਹਿਤ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਦੇ ਦਫ਼ਤਰੀ ਰੁਝੇਵਿਆਂ ਨੂੰ ਘਰ ਬੈਠਿਆਂ ਹੀ ਕਰਨ ਦਾ ਦੁਨੀਆਂ ਭਰ ’ਚੋਂ ਪਹਿਲਾ ਨਿਵੇਕਲਾ ਕਾਰਜ ਸ਼ੁਰੂ ਕੀਤਾ ਹੈ।