ਚੰਡੀਗੜ੍ਹ: ਵਿਧਾਇਕਾਂ ਦੇ ਲਗਾਤਾਰ ਅਸਤੀਫਿਆਂ ਮਗਰੋਂ ਆਮ ਆਦਮੀ ਪਾਰਟੀ ਕਸੂਤੀ ਘਿਰ ਗਈ ਹੈ। ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ਹੈ। ਤਿੰਨ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਮਗਰੋਂ 'ਆਪ' ਕੋਲ 17 ਵਿਧਾਇਕ ਰਹੇ ਗਏ ਹਨ। ਇਨ੍ਹਾਂ ਵਿੱਚੋਂ ਵੀ ਪੰਜ ਵਿਧਾਇਕ ਬਗਾਵਤ ਕਰੀ ਖੜ੍ਹੇ ਹਨ ਤੇ ਉਹ ਕਿਸੇ ਵੇਲੇ ਵੀ ਅਸਤੀਫਾ ਦੇ ਸਕਦੇ ਹਨ। ਦੂਜੇ ਪਾਸੇ ਅਕਾਲੀ ਦਲ-ਬੀਜੇਪੀ ਕੋਲ 17 ਵਿਧਾਇਕ ਹਨ।
ਉਧਰ, ਆਮ ਆਦਮੀ ਪਾਰਟੀ ਨੇ ਹੋਰ ਅਸਤੀਫੇ ਰੋਕਣ ਲਈ ਰਣਨੀਤੀ ਬਦਲੀ ਹੈ। ਪਾਰਟੀ ਨੇ ਬਾਗੀ ਵਿਧਾਇਕਾਂ ਨੂੰ ਸੰਕੇਤ ਦਿੱਤਾ ਹੈ ਕਿ ਜੇਕਰ ਉਨ੍ਹਾਂ ਅਸਤੀਫੇ ਦਿੱਤੇ ਤਾਂ ਵਿਧਾਇਕੀ ਤੋਂ ਵੀ ਹੱਥ ਧੋਣੇ ਪੈਣਗੇ। ਇਸ ਵੇਲੇ ਐਚਐਸ ਫੂਲਕਾ ਤਾਂ ਪਾਰਟੀ ਤੇ ਵਿਧਾਇਕੀ ਦੋਵਾਂ ਤੋਂ ਅਸਤੀਫਾ ਦੇ ਚੁੱਕੇ ਹਨ ਪਰ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਸਿਰਫ ਪਾਰਟੀ ਛੱਡੀ ਹੈ। ਇਸ ਤੋਂ ਇਲਾਵਾ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਵੀ ਦੁਚਿੱਤੀ ਵਿੱਚ ਹਨ।
ਇਸ ਤੋਂ ਪਹਿਲਾਂ ਪਾਰਟੀ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਮਗਰੋਂ ਉਨ੍ਹਾਂ ਦੀ ਵਿਧਾਇਕੀ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਸੀ। ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਵੀ ਅਸਤੀਫਾ ਦੇਣ ਮਗਰੋਂ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। 'ਆਪ' ਨੇ ਤੁਰੰਤ ਰਣਨੀਤੀ ਬਦਲਦਿਆਂ ਖਹਿਰਾ ਦੀ ਵਿਧਾਇਕੀ ਰੱਦ ਕਰਾਉਣ ਲਈ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਸ਼ਾਮ ਸਪੀਕਰ ਰਾਣਾ ਕੇਪੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਤਮ ਕਰਨ ਲਈ ਪੱਤਰ ਸੌਂਪਿਆ। ਦਰਅਸਲ ਪਾਰਟੀ ਨੇ ਹੋਰ ਵਿਧਾਇਕਾਂ ਦੇ ਅਸਤੀਫੇ ਰੋਕਣ ਲਈ ਇਹ ਕਦਮ ਉਠਾਇਆ ਹੈ। ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਅਸਤੀਫਾ ਦੇਣ ਵਾਲੇ ਲੀਡਰ ਵਿਧਾਇਕੀ ਦਾ ਅਨੰਦ ਵੀ ਨਹੀਂ ਮਾਣ ਸਕਣਗੇ।
ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਕਰਕੇ ਹਾਈਕਮਾਂਡ ਕੋਲੋਂ ਤੁਰੰਤ ਪ੍ਰਵਾਨਗੀ ਲਈ ਤੇ ਕਾਰਵਾਈ ਕੀਤੀ। ਪਾਰਟੀ ਨੇ ਫਿਲਹਾਲ ਖਹਿਰਾ ਖਹਿਰਾ ਦੀ ਹੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਰਣਨੀਤੀ ਬਣਾਈ ਹੈ। ਇਸ ਦਾ ਕਾਰਨ ਬਾਗੀ ਵਿਧਾਇਕਾਂ ਨੂੰ ਸੰਕੇਤ ਦੇਣਾ ਹੈ ਕਿ ਜੇਕਰ ਉਨ੍ਹਾਂ ਅਸਤੀਫੇ ਦਿੱਤੇ ਤਾਂ ਵਿਧਾਇਕੀ ਵੀ ਖੁੱਸ ਜਾਏਗੀ।
ਇਸ ਬਾਰੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਕਈ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਦੀ ਜ਼ਮੀਰ ਜਾਗਣ ਦੀ ਉਡੀਕ ਕਰ ਰਹੀ ਸੀ, ਪਰ ਜਦੋਂ ਅਜਿਹਾ ਨਾ ਹੋਇਆ ਤਾਂ ਪਾਰਟੀ ਨੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਵਾਉਣ ਸਬੰਧੀ ਫੈਸਲਾ ਲੈ ਲਿਆ। ਚੀਮਾ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਰਾਜਨੀਤਕ ਪਾਰਟੀ ਤੋਂ ਅਸਤੀਫ਼ਾ ਦੇ ਦਿੰਦਾ ਹੈ ਤਾਂ ਉਸ ਦੀ ਵਿਧਾਨ ਸਭਾ ਦੀ ਮੈਂਬਰੀ ਪਾਰਟੀ ਦੇ ਰਹਿਮੋ-ਕਰਮ ’ਤੇ ਹੁੰਦੀ ਹੈ।