ਚੰਡੀਗੜ੍ਹ: ਆਉਂਦੀਆਂ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਸਿਰੇ ਚਾੜ੍ਹਨ ਲਈ ਆਮ ਆਦਮੀ ਪਾਰਟੀ ਵੀ ਅੱਗੇ ਵਧ ਗਈ ਹੈ। ਅਨੰਦਪੁਰ ਸਾਹਿਬ ਸੀਟ ਦਾ ਰੇੜਕਾ ਖ਼ਤਮ ਕਰਨ ਲਈ 'ਆਪ' ਨੇ ਟਕਸਾਲੀਆਂ ਨੂੰ ਬਠਿੰਡਾ ਸੀਟ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਉਹ ਆਪਣਾ ਉਮੀਦਵਾਰ ਅਨੰਦਪੁਰ ਸਾਹਿਬ ਤੋਂ ਉਤਾਰ ਸਕਣ।


ਹਾਲਾਂਕਿ, ਟਕਸਾਲੀਆਂ ਨੇ ਸਾਬਕਾ ਕਾਂਗਰਸੀ ਲੀਡਰ ਬੀਰ ਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਤੇ ਸੀਟ ਨੂੰ ਗਠਜੋੜ ਤੋਂ ਵੱਧ ਮਹੱਤਤਾ ਵੀ ਦਿੱਤੀ ਹੈ। 'ਆਪ' ਨੇ ਵੀ ਨਰਿੰਦਰ ਸਿੰਘ ਸ਼ੇਰਗਿੱਲ ਕਾਫੀ ਸਮੇਂ ਤੋਂ ਇੱਥੇ ਸਰਗਰਮ ਹਨ। ਪਿਛਲੀ ਵਾਰ 'ਆਪ' ਦੇ ਹਿੰਮਤ ਸਿੰਘ ਸ਼ੇਰਗਿੱਲ ਇੱਥੋਂ ਉਮੀਦਵਾਰ ਸਨ, ਜੋ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਕੁਝ ਹੀ ਫਰਕ ਨਾਲ ਹਾਰੇ ਸਨ।

ਇਸ ਤੋਂ ਪਹਿਲਾਂ 'ਆਪ' ਫ਼ਿਰੋਜ਼ਪੁਰ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਛੱਡ ਚੁੱਕੀ ਹੈ ਪਰ ਹੁਣ 'ਆਪ' ਨੇ ਬਠਿੰਡਾ ਸੀਟ ਛੱਡਣ ਦਾ ਵੀ ਮਨ ਬਣਾ ਲਿਆ ਹੈ। ਪਾਰਟੀ ਲੀਡਰਾਂ ਦਾ ਮੰਨਣਾ ਹੈ ਕਿ ਬੀਰ ਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਵਾਉਣੀ ਚਾਹੀਦੀ ਹੈ ਪਰ ਅਕਾਲੀ ਦਲ (ਟਕਸਾਲੀ) ਵੱਲੋਂ ਇਸ ਪੇਸ਼ਕਸ਼ ਨੂੰ ਠੁਕਰਾਏ ਜਾਣ ਦੀ ਸੰਭਾਵਨਾਵਾਂ ਵਧੇਰੇ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ 'ਆਪ' ਨਾਲ ਗਠਜੋੜ ਹੋਵੇ ਨਾ ਹੋਵੇ ਪਰ ਅਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਚੋਣ ਲੜਣਗੇ। ਧਾਰਮਿਕ ਪੁੱਠ ਹੋਣ ਕਰਕੇ ਉਹ ਇਸ ਸੀਟ 'ਤੇ ਵਧੇਰੇ ਹੱਕ ਜਤਾ ਰਹੇ ਹਨ। ਹਾਲਾਂਕਿ, 'ਆਪ' ਦਾ ਮਾਲਵਾ ਵਿੱਚ ਆਧਾਰ ਚੰਗਾ ਹੈ ਤੇ ਜੇਕਰ ਦੋਵੇਂ ਪਾਰਟੀਆਂ ਗਠਜੋੜ ਕਰਦੀਆਂ ਹਨ ਤਾਂ ਸਭਨਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।