ਚੰਡੀਗੜ੍ਹ: ਮਹਿੰਗੀ ਬਿਜਲੀ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ‘ਆਪ’ਦੇ ਵਿਧਾਇਕ, ਸੀਨੀਅਰ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ। ਪਰ ਤੈਨਾਤ ਪੁਲਿਸ ਨੇ ਐਮਐਲਏ ਹੋਸਟਲ ਦੇ ਗੇਟ ‘ਤੇ ਬੈਰੀਕੇਟ ਲਗਾ ਕੇ ਮੁਜ਼ਾਹਰਾਕਾਰੀਆਂ ਨੂੰ ਰੋਕ ਲਿਆ।


ਇਸ ਉਪਰੰਤ ਚੰਡੀਗੜ੍ਹ ਪੁਲਿਸ ਨੇ ‘ਆਪ’ਆਗੂਆਂ ਤੇ 250 ਦੇ ਕਰੀਬ ਵਲੰਟੀਅਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿੰਨਾ ‘ਚ ਭਗਵੰਤ ਮਾਨ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ, ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ ਆਦਿ ਪ੍ਰਮੁੱਖ ਸਨ।

‘ਆਪ’ਲੀਡਰਸ਼ਿਪ ਅਤੇ ਵਲੰਟੀਅਰਾਂ ਵੱਲੋਂ ਬੈਰੀਕੇਟ ਲੰਘ ਕੇ ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਜਲ ਤੋਪਾਂ ਨਾਲ ਠੰਢੇ ਪਾਣੀ ਦੀਆਂ ਤਾਬੜਤੋੜ ਬੁਛਾਰਾਂ ਸ਼ੁਰੂ ਕਰ ਦਿੱਤੀਆਂ। ਇਨਾਂ ਤੇਜ਼ ਬੁਛਾਰਾਂ ਕਾਰਨ ਦੋ ਦਰਜਨ ਤੋਂ ਵੱਧ ਆਗੂ ਅਤੇ ਵਲੰਟੀਅਰ ਜ਼ਖਮੀ ਹੋ ਗਏ। ਜਿੰਨਾ ‘ਚ ਵਿਧਾਇਕ ਅਮਨ ਅਰੋੜਾ, ਪਾਰਟੀ ਆਗੂ ਜਸਵੀਰ ਸਿੰਘ ਕੁਦਨੀ, ਸੰਤੋਖ ਸਿੰਘ ਸਲਾਨਾ, ਸਤਵੀਰ ਸਿੰਘ ਸੀਰਾ ਬਨਭੌਰਾ ਪ੍ਰਮੁੱਖ ਹਨ। ਕੁਦਨੀ ਅਤੇ ਸਲਾਨਾ ਦੀ ਸਥਿਤੀ ਗੰਭੀਰ ਹੋਣ ਕਾਰਨ ਦੋਵਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਮਾਨ ਅਤੇ ਚੀਮਾ ਨੇ ਪੀਜੀਆਈ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।



‘ਆਪ’ਆਗੂ ਇਸ ਗੱਲ ਤੇ ਬਜ਼ਿਦ ਸਨ ਕਿ ਜਾਂ ਤਾਂ ਉਨਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੱਕ ਜਾਣ ਦਿੱਤਾ ਜਾਵੇ ਜਾਂ ਫਿਰ ਮੁੱਖ ਮੰਤਰੀ ਖ਼ੁਦ ਉਨਾਂ ਕੋਲੋਂ ਮੈਮੋਰੰਡਮ ਲੈਣ ਪਹੁੰਚਣ। ਅਜਿਹਾ ਨਾ ਹੋਣ ਦੀ ਸੂਰਤ ‘ਚ ‘ਆਪ’ ਆਗੂਆਂ ਨੇ ਮੁੱਖ ਮੰਤਰੀ ਦੀ ਕੋਠੀ ਦੇ ਗੇਟ ‘ਤੇ ਮੰਗ ਪੱਤਰ ਚਿਪਕਾਉਣ ਦੀ ਕੋਸ਼ਿਸ਼ ਕੀਤੀ।

ਇਸ ਮੌਕੇ ਭਗਵੰਤ ਮਾਨ ਨੇ ਦੋਸ਼ ਲਗਾਏ ਕਿ ਪੰਜਾਬ ਕਾਂਗਰਸ ਨੇ ਲਿਖਤੀ ਰੂਪ ‘ਚ ਕੀਤਾ ਸੀ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪਾਵਰ ਕਾਮ) ਵੱਲੋਂ ਨਿੱਜੀ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਮੁਲਾਂਕਿਤ ਕੀਤੇ ਜਾਣਗੇ ਤਾਂ ਕਿ ਬਿਜਲੀ ਸਸਤੀ ਕਰਕੇ ਖਪਤਕਾਰਾਂ ਨੂੰ ਰਾਹਤ ਦਿੱਤੀ ਜਾਵੇ। ਪਾਵਰਕਾਮ ਦੀ ਕਾਰਗੁਜਾਰੀ ਪਾਰਦਰਸ਼ੀ ਕਰਕੇ ਪਿਛਲੇ 5 ਸਾਲਾਂ ਦਾ ਆਡਿਟ ਕਰਵਾਉਣ ਸਮੇਤ ਕਰਵਾਇਆ ਜਾਵੇਗਾ। ਕੁੱਲ ਮਿਲਾ ਕੇ ਬਿਜਲੀ ਖੇਤਰ ਨੂੰ ਲੈ ਕੇ 10 ਵਾਅਦੇ ਕੀਤੇ ਗਏ ਸਨ, ਪਰੰਤੂ ਸਰਕਾਰ ਕਿਸੇ ਇਕ ਵੀ ਵਾਅਦੇ ‘ਤੇ ਖਰਾ ਨਹੀਂ ਉਤਰੀ। ਉਲਟਾ ਹੁਣ ਤੱਕ ਸਰਕਾਰ ਬਿਜਲੀ ਦਰਾਂ ‘ਚ ਦਰਜਨ ਤੋਂ ਵੱਧ ਵਾਰ ਵਾਧੇ ਕਰ ਚੁੱਕੀ ਹੈ, ਨਤੀਜਣ ਪੰਜਾਬ ‘ਚ ਅੱਜ ਸਾਰੇ ਮੁਲਕ ਨਾਲੋਂ ਮਹਿੰਗੀ ਬਿਜਲੀ ਹੈ।

ਮਾਨ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਣਾ ਬਣਦਾ ਹੈ ਕਿ ਡਾ. ਮਨਮੋਹਨ ਸਿੰਘ ਸਰਕਾਰ ਦੌਰਾਨ ਹੀ ਗੁਜਰਾਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਹੋਏ ਸਨ, ਤਾਂ ਦੋਵਾਂ (ਗੁਜਰਾਤ ਅਤੇ ਪੰਜਾਬ) ਦੇ ਸਮਝੌਤਿਆਂ ਵਿੱਚ ਏਨਾ ਫ਼ਰਕ ਕਿਉਂ ਆ ਗਿਆ?