ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਗੁਰਦਾਸਪੁਰ ਜ਼ਿਮਨੀ ਚੋਣ ਦਾ ਉਮੀਦਵਾਰ ਹਿੰਦੂ ਹੀ ਹੋਵੇਗਾ। ਇਹ ਸੀਨੀਅਰ ਫੌਜੀ ਅਧਿਕਾਰੀ ਵੀ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਮੀਟਿੰਗ ਵਿੱਚ ਇਸ ਗੱਲ 'ਤੇ ਮੋਹਰ ਲੱਗੀ। ਹਾਲਾਂਕਿ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿ ਉਨ੍ਹਾਂ ਦੀ ਪਾਰਟੀ ਸੈਕੂਲਰ ਹੈ ਤੇ ਧਰਮ ਦੇ ਅਧਾਰ 'ਤੇ ਉਮੀਦਵਾਰ ਨਹੀਂ ਚੁਣਦੀ।


ਉਨ੍ਹਾਂ ਕਿਹਾ ਕਿ 'ਆਪ' ਦਾ ਉਮੀਦਵਾਰ ਬਾਹਰੀ ਨਹੀਂ ਗੁਰਦਾਸਪੁਰ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ 1-2 ਦਿਨਾਂ ਵਿੱਚ ਆਪਣੇ ਉਮੀਦਵਾਰ ਦਾ ਨਾਮ ਐਲਾਨ ਦੇਵਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਚੋਣ ਦੇ ਹਰ ਮਸਲੇ ਬਾਰੇ ਖੁੱਲ੍ਹ ਕੇ ਚਰਚਾ ਹੋਈ ਹੈ।

ਮਾਨ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਉਮੀਦਵਾਰ ਨੂੰ ਲੈ ਕੇ ਕੋਈ ਮਤਭੇਦ ਨਹੀਂ ਤੇ ਪਾਰਟੀ ਆਪਣੇ ਪੱਧਰ 'ਤੇ ਸੋਚ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 8-9 ਨਾਮ ਆਏ ਹਨ। ਇਨ੍ਹਾਂ ਵਿੱਚੋਂ ਹੀ ਇੱਕ 'ਤੇ ਮੋਹਰ ਲੱਗੇਗੀ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਬੇਜੀਪੀ ਨੂੰ ਲੋਕ ਇਸ ਕਰਕੇ ਵੋਟ ਨਹੀਂ ਦੇਣਗੇ ਕਿਉਕਿ ਬੀਜੇਪੀ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਤੇ ਕਾਂਗਰਸ ਤੋਂ ਲੋਕ 6 ਮਹੀਨਿਆਂ ਵਿੱਚ ਦੁਖੀ ਹੋ ਗਏ ਹਨ।