ਅੰਮ੍ਰਿਤਸਰ: ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਈਵੀਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) 'ਤੇ ਕਈ ਸਵਾਲ ਚੁੱਕੇ ਸਨ। ਉਸ ਨੂੰ ਹੀ ਬਾਕੀ ਪਾਰਟੀਆਂ ਦੀ ਹਾਰ ਦਾ ਕਾਰਨ ਦੱਸਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜਿਆ ਸੀ। ਉਸ ਵਿਵਾਦ ਤੋਂ ਬਾਅਦ ਹੁਣ ਗੁਰਦਸਪੁਰ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਨੇ ਵੀਪੀ ਪੈਡ ਸਿਸਟਮ ਰਾਹੀਂ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਸਿਸਟਮ ਰਾਹੀਂ ਈਵੀਐਮ ਦੇ ਨਾਲ-ਨਾਲ ਵੀਪੀ ਪੈਡ ਮਸ਼ੀਨ ਨੂੰ ਕੁਨੈਕਟ ਕਰਨ ਉਪਰੰਤ ਜਦੋਂ ਵੋਟਰ ਜਿਸ ਵੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਦਬਾਏਗਾ ਤਾਂ ਉਸ ਦੀ ਪਰਚੀ ਬਾਹਰ ਨਿਕਲੇਗੀ। ਇਸ ਤੋਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਨੇ ਜਿਸ ਨਿਸ਼ਾਨ ਦਾ ਬਟਨ ਦੱਬਿਆ ਸੀ, ਉਸ ਦੀ ਵੋਟ ਉਸ ਪਾਰਟੀ ਨੂੰ ਹੀ ਪਈ ਹੈ। ਇਸ ਦੇ ਨਾਲ ਕਿਸੇ ਵੀ ਪਾਰਟੀ ਨੂੰ ਹਾਰ ਦਾ ਠੀਕਰਾ ਈਵੀਐਮ ਦੇ ਸਿਰ ਭੰਨ੍ਹਣ ਦਾ ਮੌਕਾ ਨਹੀਂ ਮਿਲੇਗਾ।
ਬੈਂਗਲੌਰ ਦੇ ਇੰਜਨੀਅਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਕਰੀਬ ਢਾਈ ਹਾਜ਼ਰ ਮਸ਼ੀਨਾਂ ਗੁਰਦਾਸਪੁਰ ਪਹੁੰਚ ਚੁੱਕੀਆਂ ਹਨ। ਜਲਦ ਹੀ ਬੈਂਗਲੌਰ ਦੇ ਇੰਜਨੀਅਰਾਂ ਦੀ ਟੀਮ ਗੁਰਦਾਸਪੁਰ ਆ ਕੇ ਵੀਪੀ ਪੈਡ ਮਸ਼ੀਨਾਂ ਤੇ ਈਵੀਐਮ ਦੀ ਜਾਂਚ ਕਰੇਗੀ।