ਚੰਡੀਗੜ੍ਹ: ਖਾੜਕੂ ਹਰਮਿੰਦਰ ਸਿੰਘ ਮਿੰਟੂ ਸੱਤ ਸਾਲ ਪੁਰਾਣੇ ਧਮਾਕਾਖੇਜ਼ ਸਮੱਗਰੀ ਕੇਸ 'ਚੋਂ ਬਰੀ ਹੋ ਗਿਆ ਹੈ। ਇਹ ਕੇਸ 2010 ’ਚ ਥਾਣਾ ਸਦਰ ਨਾਭਾ ‘ਚ ਦਰਜ ਹੋਇਆ ਸੀ। ਮਿੰਟੂ ਦੀ ਗਿ੍ਫ਼ਤਾਰੀ 2014 ’ਚ ਹੋਈ ਸੀ ਜਦੋਂ ਮਲੇਸ਼ੀਆ ‘ਚ ਫੜੇ ਜਾਣ ਬਾਅਦ ਉਸ ਨੂੰ ਭਾਰਤ ਹਵਾਲੇ ਕੀਤਾ ਸੀ। ਦਿੱਲੀ ਹਵਾਈ ਅੱਡੇ ‘ਤੇ ਉਸ ਨੂੰ ਗਿ੍ਫ਼ਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਸੀ|
ਨਾਭਾ ਪੁਲੀਸ ਨੇ ਰੋਹਟੀ ਦੇ ਪੁਲਾਂ ਕੋਲ ਲਾਏ ਨਾਕੇ ਦੌਰਾਨ ਇੱਕ ਕਾਰ ’ਚੋਂ ਪਿਸਤੌਲ, .315 ਬੋਰ ਬੰਦੂਕ, ਕਾਰਤੂਸ, 40 ਸਟਿੱਕਾਂ ਡਾਇਟੋਮੀਟਰ, ਡੈਕੋਨ ਪਾਊਡਰ ਦੀਆਂ 30 ਸਟਿੱਕਾਂ ਆਦਿ ਬਰਾਮਦ ਕਰਨ ਦਾ ਦਾਅਵਾ ਕਰਦਿਆਂ 21 ਫਰਵਰੀ, 2010 ਨੂੰ ਇਹ ਕੇਸ ਦਰਜ ਕੀਤਾ ਸੀ|
ਸਥਾਨਕ ਅਦਾਲਤ ਨੇ 3 ਮਾਰਚ, 2014 ਨੂੰ ਜਸਵੀਰ ਸਿੰਘ ਜੱਸਾ ਅਤੇ ਹਰਜੰਟ ਸਿੰਘ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਉਂਦਿਆਂ ਬਖਸ਼ੀਸ਼ ਸਿੰਘ ਬਾਬਾ (ਜੋ ਡੇਰਾ ਸਿਰਸਾ ਮੁਖੀ ‘ਤੇ ਕਰਨਾਲ ਨੇੜੇ ਸਟਿੱਪਣੀ ਬੰਬ ਨਾਲ ਹਮਲਾ ਕਰਨ ਬਾਅਦ ਮਸ਼ਹੂਰ ਹੋਇਆ ਸੀ), ਹਕੀਕਤ ਰਾਏ, ਪਰਗਟ ਸਿੰਘ ਭਲਵਾਨ ਅਤੇ ਸੁਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਹੁਣ ਸਿਰਫ਼ ਮਿੰਟੂ ਖ਼ਿਲਾਫ਼ ਸੁਣਵਾਈ ਚੱਲਦੀ ਸੀ। ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਨੇ ਮਿੰਟੂ ਨੂੰ ਬਰੀ ਕਰ ਦਿੱਤਾ।
ਮਿੰਟੂ ਦੇ ਪਟਿਆਲਾ ਤੋਂ ਬਾਹਰਲੇ ਕੇਸਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜੇਕਰ ਨਵੰਬਰ 2016 ’ਚ ਹਰਮਿੰਦਰ ਮਿੰਟੂ ਨਾਭਾ ਜੇਲ੍ਹ ’ਚੋਂ ਨਾ ਭੱਜਦਾ ਤਾਂ ਉਸ ਨੇ ਹੁਣ ਰਿਹਾਅ ਹੋ ਜਾਣਾ ਸੀ ਕਿਉਂਕਿ ਉਹ ਨਾਭਾ ਗੈਸ ਪਲਾਂਟ ‘ਤੇ ਬੰਬ ਫਿੱਟ ਕਰਨ ਸਮੇਤ ਲੁਧਿਆਣਾ ਆਧਾਰਤ ਇੱਕ ਹੋਰ ਕੇਸ ’ਚੋਂ ਪਹਿਲਾਂ ਹੀ ਬਰੀ ਹੋ ਚੁੱਕਾ ਹੈ ਜਦੋਂ ਕਿ ਚਾਰ ਕੇਸਾਂ ’ਚ ਉਸ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ।