ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਠਠਿਆਰਾਂ ਵੱਲੋਂ ਪਿੱਤਲ ਤੇ ਤਾਂਬੇ ਦੀਆਂ ਧਾਤਾਂ ਨਾਲ ਹੱਥੀਂ ਭਾਂਡੇ ਬਣਾਉਣ ਦੀ ਸਦੀਆਂ ਤੋਂ ਚੱਲੀ ਆ ਰਹੀ ਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਸੰਗਠਨ ਯੂਨੈਸਕੋ ਅੱਗੇ ਆਇਆ ਹੈ। ਯੂਨੈਸਕੋ ਵੱਲੋਂ ਆਪਣੇ ਖਾਸ ਪ੍ਰਾਜੈਕਟ ”ਯੂਨੈਸਕੋ ਇੰਟੈਨਜੀਬਲ ਕਲਚਰਲ ਹੈਰੀਟੇਜ ਲਿਸਟ” ਰਾਹੀਂ ਜੰਡਿਆਲਾ ਗੁਰੂ ਦੀ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਉਤਸ਼ਾਹਤ ਕਰਨ ਦੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਸ ਦਾ ਪ੍ਰਚਾਰ ਤੇ ਪਸਾਰ ਕੀਤਾ ਜਾਵੇਗਾ।
ਜੰਡਿਆਲਾ ਗੁਰੂ ਪੂਰੇ ਦੇਸ਼ ਵਿੱਚ ਪਿੱਤਲ ਅਤੇ ਤਾਂਬੇ ਦੇ ਹੱਥਾਂ ਨਾਲ ਬਣਨ ਵਾਲੇ ਭਾਂਡਿਆਂ ਕਰਕੇ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇੱਥੇ ਹੱਥ ਨਾਲ ਭਾਂਡੇ ਬਣਾਉਣ ਵਾਲੇ ਬਹੁਤ ਹੀ ਵਧੀਆ ਕਾਰੀਗਰ ਹਨ ਤੇ ਇਨ੍ਹਾਂ ਦਾ ਇਹ ਕੰਮ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ। ਇਨ੍ਹਾਂ ਕਾਰੀਗਰਾਂ ਵੱਲੋਂ ਹੱਥ ਨਾਲ ਗਾਗਰਾਂ, ਪਰਾਤਾਂ, ਡੋਂਘੇ, ਪਤੀਲੇ, ਤਾਂਬੇ ਦੀਆਂ ਵੱਡੀਆਂ ਦੇਗਾਂ ਤੇ ਹੋਰ ਪਿੱਤਲ ਤੇ ਤਾਂਬੇ ਦੇ ਬਰਤਨ ਬੜੇ ਹੀ ਸੁੰਦਰ ਤੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਹਨ। ਸਮੇਂ ਦੀ ਮਾਰ ਇਸ ਕਲਾ ’ਤੇ ਵੀ ਪਈ ਹੈ ਤੇ ਹੁਣ ਬਹੁਤ ਥੋੜੇ ਪਰਿਵਾਰ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ। ਯੂਨੈਸਕੋ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਾਰ ਫਿਰ ਇਸ ਕਲਾ ਦੀ ਸ਼ਾਨ ਤੇ ਚਮਕ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਅਰੰਭੀਆਂ ਹਨ।
ਲੁਪਤ ਹੋ ਰਹੀਆਂ ਕਲਾਵਾਂ ਤੇ ਵਿਰਾਸਤ ਨੂੰ ਸਾਂਭਣ ਦੇ ਪ੍ਰਾਜੈਕਟ ਤਹਿਤ ਕੰਮ ਕਰਨ ਵਾਲੇ ਪ੍ਰਤੀਨਿਧੀਆਂ ਡਾਲੀ ਸਿੰਘ, ਕੀਰਤੀ ਗੋਇਲ ਤੇ ਉਨ੍ਹਾਂ ਦੇ ਹੋਰ ਸਾਥੀ ਜੋ ਦਿੱਲੀ ਦੇ ਸ੍ਰੀਰਾਮ ਕਾਲਜ ਤੇ ਯੂਨਾਇਡ ਸਿੱਖ ਸੰਸਥਾ ਨਾਲ ਸਬੰਧਤ ਹਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਜੰਡਿਆਲਾ ਗੁਰੂ ਦੇ ਪ੍ਰਾਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਡਾਲੀ ਗੋਇਲ ਨੇ ਦੱਸਿਆ ਕਿ ਯੂਨੈਸਕੋ ਵੱਲੋਂ ਵਿਰਾਸਤ ਤੇ ਲੋਪ ਹੋ ਰਹੀਆਂ ਕਲਾਵਾਂ ਨੂੰ ਸਾਂਭਣ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਸ ਵਿੱਚ ਜੰਡਿਆਲਾ ਗੁਰੂ ਦੇ ਠਠਿਆਰਾਂ ਦੀ ਕਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਵੱਲੋਂ ਜੰਡਿਆਲਾ ਗੁਰੂ ਵਿੱਚ ਠਠਿਆਰਾਂ ਵੱਲੋਂ ਹੱਥੀਂ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਦੀ ਕਲਾ ਨੂੰ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਕਲਾ ਹੋਰ ਵੀ ਪ੍ਰਫੂਲਤ ਹੋ ਸਕੇ।