ਅੰਮ੍ਰਿਤਸਰ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 'ਬਲੂ ਵੇਲ੍ਹ' ਦੀ ਲਪੇਟ ਵਿੱਚ ਆਉਣ ਵਾਲੇ ਬੱਚਿਆਂ ਦੀਆਂ ਖ਼ਬਰ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੀ ਇਸ ਗੇਮ ਦੇ ਵਿਰੋਧ ਵਿੱਚ ਉੱਤਰੇ ਹਨ। ਉਨ੍ਹਾਂ ਇਸ ਗੇਮ ਦੇ ਮਾਰੂ ਪ੍ਰਭਾਵ ਦਾ ਅਸਰ ਪੰਜਾਬ ਵਿੱਚ ਆਉਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਗੇਮ ਬੰਦ ਕਰਵਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਬਡੂੰਗਰ ਨੇ ਕਿਹਾ ਕਿ ਸੰਸਾਰ ਭਰ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਮਾਰੂ ਪ੍ਰਭਾਵ ਨਾਲ ਆਤਮ ਹੱਤਿਆ ਦੇ ਰਾਹ ਤੋਰਨ ਵਾਲੀ 'ਬਲੂ ਵੇਲ੍ਹ' ਗੇਮ ਤੋਂ ਬਚਾਉਣ ਲਈ ਸਰਕਾਰ ਤੇ ਮਾਪਿਆਂ ਨੂੰ ਸੰਜੀਦਗੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ। ਬੇਸ਼ੱਕ ਇੰਟਰਨੈੱਟ ਦੀ ਸੁਵਿਧਾ ਨੇ ਮਨੁੱਖੀ ਦਿਮਾਗ ਤੇ ਜ਼ਿੰਦਗੀ ਨੂੰ ਬਹੁਤ ਹੱਦ ਤਕ ਵਿਕਸਤ ਵੀ ਕੀਤਾ ਹੈ ਪਰ ਵਿਸ਼ਵ ਭਰ ਵਿੱਚ ਇਸ ਰਾਹੀਂ ਫੈਲ ਰਹੀ ਇਸ ਜਾਨਲੇਵਾ ਗੇਮ ਨਾਲ ਮਨੁੱਖੀ ਜਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਤਕਨੀਕੀ ਵਿਭਾਗ ਰਾਹੀਂ ਇਹ ਗੇਮ ਇੰਟਰਨੈੱਟ ਤੋਂ ਹਟਾਉਂਦਿਆਂ ਇਸ ਦੇ ਲਿੰਕਾਂ ਨੂੰ ਅੱਗੇ ਫੈਲਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਸ ਜਾਨਲੇਵਾ ਖੇਡ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਾਉਣ ਤੇ ਉਨ੍ਹਾਂ ਵੱਲੋਂ ਕੀਤੀ ਜਾਂਦੀ ਇੰਟਰਨੈੱਟ ਦੀ ਵਰਤੋਂ ਉਪਰ ਵੀ ਨਜ਼ਰ ਰੱਖਣ ਤੇ ਬੱਚਿਆਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਵੱਲ ਪ੍ਰੇਰਿਤ ਕਰਨ।