ਅੰਮ੍ਰਿਤਸਰ: ਗੁਰੂ ਨਗਰੀ ਦੇ ਸਾਰੇ ਕੌਂਸਲਰ 18 ਸਤੰਬਰ ਤੋਂ ਬਾਅਦ ਜਨਤਕ ਜ਼ਿਮੇਵਾਰੀਆਂ ਤੋਂ ਵਿਹਲੇ ਹੋ ਜਾਣਗੇ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਅਜੇ ਕੋਈ ਤਾਰੀਖ ਐਲਾਨੀ ਨਹੀਂ ਗਈ ਪਰ ਮੌਜੂਦਾ ਹਾਊਸ ਦੀ ਮਿਆਦ 18 ਸਤੰਬਰ ਨੂੰ ਸਮਾਪਤ ਹੋ ਰਹੀ ਹੈ। ਹਾਊਸ ਦੀ ਮਿਆਦ ਦੇ ਪੂਰੇ ਹੋਣ ਮਗਰੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ 'ਚ ਹੋਰ ਇਜ਼ਾਫ਼ਾ ਹੋ ਸਕਦਾ ਹੈ। ਇਸ ਦਾ ਅਸਰ ਸਿੱਧੇ ਰੂਪ 'ਚ ਨਗਰ ਨਿਗਮ ਦੀਆਂ ਆਗਾਮੀ ਚੋਣਾਂ 'ਤੇ ਪੈ ਸਕਦਾ ਹੈ।


ਮੌਜੂਦਾ ਹਾਊਸ 'ਚ ਇਸ ਵੇਲੇ 65 ਕੌਂਸਲਰ ਹਨ ਤੇ ਨਵੀਂ ਵਾਰਡਬੰਦੀ ਹੋਣ ਤੋਂ ਬਾਅਦ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ ਇਹ ਗਿਣਤੀ 85 ਹੋ ਸਕਦੀ ਹੈ। ਇਸ ਹਾਊਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਸਾਰੇ ਹੀ ਕੌਂਸਲਰ ਆਪਣੀ ਜਿੰਮੇਵਾਰੀ ਤੋਂ ਵਿਹਲੇ ਹੋ ਜਾਣਗੇ।

ਪੰਜਾਬ ਸਰਕਾਰ ਵੱਲੋਂ ਨਿਗਮ ਚੋਣਾਂ ਵਿੱਚ ਕੀਤੀ ਜਾ ਰਹੀ ਦੇਰੀ ਦੇ ਚੱਲਦਿਆਂ ਨਿਗਮ ਚੋਣਾਂ ਲੜਨ ਦੇ ਚਾਹਵਾਨ ਵੀ ਨਿਰਾਸ਼ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਸਬੰਧਤ ਨੇਤਾ ਇਸ ਲਈ ਸਰਕਾਰ ਨੂੰ ਕੋਸ ਰਹੇ ਹਨ।

ਬੀਤੇ ਦਿਨ ਨਗਰ ਨਿਗਮ ਦੀ ਹੋਈ ਬੈਠਕ 'ਚ ਇਹ ਮਾਮਲਾ ਕੌਂਸਲਰਾਂ ਵੱਲੋਂ ਚੁੱਕਦਿਆਂ ਇਸ ਦਾ ਠੀਕਰਾ ਸੱਤਾਧਾਰੀ ਪਾਰਟੀ ਸਿਰ ਭੰਨ੍ਹਿਆ ਗਿਆ ਸੀ। ਨਿਗਮ ਚੋਣਾਂ 'ਚ ਹੋਈ ਦੇਰੀ ਦੇ ਲਾਭ ਨਾਲੋਂ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਹੋਣ ਦਾ ਵਧੇਰੇ ਖ਼ਦਸ਼ਾ ਪੈਦਾ ਹੋ ਰਿਹਾ ਹੈ। ਇਸੇ ਦੇ ਡਰ ਕਾਰਨ ਸੱਤਾਧਾਰੀ ਪਾਰਟੀ ਵੱਲੋਂ ਚੋਣਾਂ ਲੜਨ ਦੇ ਚਾਹਵਾਨਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ।