ਚੰਡੀਗੜ੍ਹ: ਹਰਿਆਣਾ ਦੇ ਗੁਰੂਗ੍ਰਾਮ ਵਿਚਲੇ ਰਿਆਨ ਸਕੂਲ ਦਾ ਮਾਮਲਾ ਅੱਜਕੱਲ੍ਹ ਚਰਚਾ ਵਿੱਚ ਹੈ। ਹੁਣ ਇਸ ਮਾਮਲੇ 'ਤੇ ਵਕੀਲ ਪਰਮਿੰਦਰ ਢੁੱਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਇਸ ਪਟੀਸ਼ਨ 'ਤੇ ਕੱਲ੍ਹ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਸਕੂਲਾਂ ਦੀ ਲਾਪ੍ਰਵਾਹੀ ਦਾ ਮਸਲਾ ਬੇਹੱਦ ਗੰਭੀਰ ਹੈ ਤੇ ਰਿਆਨ ਮਾਮਲੇ ਨੇ ਇਸ ਨੂੰ ਬੇਨਕਾਬ ਕਰ ਦਿੱਤਾ ਹੈ।
ਢੁੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਕੂਲ ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਪਟੀਸ਼ਨ ਵਿੱਚ ਮੰਗ ਕੀਤੀ ਹੈ ਕਿ ਸਕੂਲ ਦੀ ਸੁਰੱਖਿਆ ਸਬੰਧੀ ਵਿਸ਼ੇਸ ਗਾਈਡਲਾਈਨਜ਼ ਜਾਰੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਮੁੜ ਅਜਿਹਾ ਕੋਈ ਬੁਰਾ ਕਾਂਡ ਨਾ ਵਾਪਰੇ।
ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਕੂਲ ਦੇ ਮੁਲਾਜ਼ਮਾਂ ਦੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਸਕੂਲਾਂ 'ਤੇ ਨਜ਼ਰ ਰੱਖਣ ਲਈ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਕਿ ਸਕੂਲ ਆਪਣੀ ਮਨਮਰਜ਼ੀ ਨਾ ਕਰ ਸਕਣ ਤੇ ਜੋ ਕੋਈ ਗੜਬੜ ਹੋਵੇ ਤਾਂ ਉਸ ਲਈ ਮੈਨੇਜਮੈਂਟ ਜਿੰਮੇਵਾਰ ਹੋਵੇ।