ਚੰਡੀਗੜ੍ਹ: ਪੰਜਾਬ ਵਿੱਚ ਛੇ ਮਹੀਨੇ ਪਹਿਲਾਂ ਬਣੀ ਕੈਪਟਨ ਅਮਰਿੰਦਰ ਸਰਕਾਰ ਦਾ ਪਹਿਲਾ ਪੇਪਰ 11 ਅਕਤੂਬਰ ਨੂੰ ਹੋਏਗਾ। ਇਸ ਦਿਨ ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ। ਫ਼ਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਕਾਰਨ ਇਸ ਹਲਕੇ ਦੀ ਚੋਣ ਕਰਾਈ ਜਾ ਰਹੀ ਹੈ। ਚੋਣ ਕਮਿਸ਼ਨ ਨੇ ਇਸ ਹਲਕੇ ਲਈ ਵੋਟਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ।
ਦਰਅਸਲ ਵਿਧਾਨ ਸਭ ਚੋਣਾ ਵਿੱਚ ਪਿਛਲੇ ਇੱਕ ਦਹਾਕੇ ਦੀ ਮਾੜੀ ਕਾਰਗੁਜ਼ਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ ਪੰਜਾਬੀਆਂ ਨੇ ਬੁਰੀ ਤਰ੍ਹਾਂ ਲਾਂਭੇ ਕਰ ਦਿੱਤਾ ਸੀ। ਜਨਤਾ ਨੇ ਕੈਪਟਨ ਵਿੱਚ ਵੱਡਾ ਭਰੋਸਾ ਪ੍ਰਗਟਾਇਆ ਸੀ ਪਰ ਹੁਣ ਵੇਖਣਾ ਹੋਏਗਾ ਕਿ ਛੇ ਮਹੀਨਿਆਂ ਵਿੱਚ ਇਹ ਭਰੋਸਾ ਕਿੰਨਾ ਕੁ ਕਾਇਮ ਹੈ। ਇਸ ਲਈ ਇਹ ਚੋਣ ਕੁੱਲ ਮਿਲਾ ਕੇ ਕਾਂਗਰਸ ਲਈ ਹੀ ਅਹਿਮ ਹੈ। ਉਂਝ ਅਸਲ ਟੱਕਰ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ-ਬੀਜੇਪੀ ਵਿਚਾਲੇ ਹੈ। ਅਕਾਲੀ ਦਲ ਬੇਸ਼ੱਕ ਬੀਜੇਪੀ ਦਾ ਭਾਈਵਾਲ ਪਰ ਇਹ ਸੀਟ ਬੀਜੇਪੀ ਦੇ ਹਿੱਸੇ ਹੋਣ ਕਰਕੇ ਉਹ ਸਭ ਤੋਂ ਵੱਧ ਸੇਫ ਹੈ।
ਉਂਝ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਅਜੇ ਉਮੀਦਵਾਰਾਂ ਦੇ ਨਾਮ ਤੈਅ ਨਹੀਂ ਕੀਤੇ, ਪਰ ਨਾਮਜ਼ਦਗੀ ਦਾਖਲ ਕਰਨ ਦਾ ਅਮਲ 15 ਸਤੰਬਰ ਤੋਂ ਆਰੰਭ ਹੋ ਜਾਵੇਗਾ। 22 ਸਤੰਬਰ ਤੱਕ ਕਾਗਜ਼ ਦਾਖਲ ਕੀਤੇ ਜਾ ਸਕਣਗੇ ਤੇ ਨਤੀਜਾ 15 ਅਕਤੂਬਰ ਨੂੰ ਐਲਾਨਿਆ ਆਵੇਗਾ। ਇਸ ਸੰਸਦੀ ਹਲਕੇ ਤੋਂ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦਰਮਿਆਨ ਤਿਕੋਣੀ ਟੱਕਰ ਹੋਣ ਦੇ ਆਸਾਰ ਹਨ। ਭਾਜਪਾ ਵੱਲੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਸੀਨੀਅਰ ਆਗੂ ਅਵਿਨਾਸ਼ ਖੰਨਾ, ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਤੇ ਸਵਰਨ ਸਲਾਰੀਆ ਦਾਅਵੇਦਾਰਾਂ ਵਿੱਚ ਸ਼ਾਮਲ ਹਨ।
ਕਾਂਗਰਸ ਦੇ ਸਥਾਨਕ ਆਗੂਆਂ ਤੇ ਵਿਧਾਇਕਾਂ ਵੱਲੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਟਿਕਟ ਦੇਣ ’ਤੇ ਜ਼ੋਰ ਪਾਇਆ ਜਾ ਰਿਹਾ ਹੈ। ਜਦੋਂਕਿ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਸਮੇਤ ਅੱਧੀ ਦਰਜਨ ਤੋਂ ਵੱਧ ਸਥਾਨਕ ਆਗੂ ਟਿਕਟ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੌਰੇ ’ਤੇ ਹਨ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਕਾਂਗਰਸ ਦੇ ਉਮੀਦਵਾਰ ਬਾਰੇ ਫੈਸਲਾ ਹੋਣ ਦੀ ਉਮੀਦ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਅਮਰੀਕਾ ਦੌਰੇ ’ਤੇ ਗਏ ਹੋਏ ਹਨ। ਉਧਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ, ਪਰ ਪਾਰਟੀ ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।