ਲੁਧਿਆਣਾ: ਜਗਰਾਓਂ-ਲੁਧਿਆਣਾ ਹਾਈਵੇ 'ਤੇ ਪਿੰਡ ਚੌਕੀਮਾਨ ਕੋਲ ਨਵੇਂ ਬਣ ਰਹੇ ਟੋਲ ਪਲਾਜ਼ਾ ਦੇ ਨੇੜੇ ਅੱਜ ਤਿੰਨ ਗੱਡੀਆਂ ਆਪਸ 'ਚ ਟਕਰਾ ਗਈਆਂ। ਇਸ ਕਾਰਨ ਇੱਕ ਆਦਮੀ ਦੀ ਮੌਤ ਹੋ ਗਈ ਤੇ ਛੇ ਲੋਕ ਜ਼ਖ਼ਮੀ ਹੋ ਗਏ।

ਦਰਅਸਲ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਮੋਗਾ ਤੋਂ ਲੁਧਿਆਣਾ ਜਾ ਰਹੀ ਸੀ। ਇਹ ਲੁਧਿਆਣਾ ਤੋਂ ਜਗਰਾਓਂ ਆ ਰਹੇ ਛੋਟੇ ਹਾਥੀ ਨਾਲ ਟਕਰਾ ਗਈ। ਛੋਟਾ ਹਾਥੀ ਚਲਾ ਰਹੇ ਡਰਾਈਵਰ ਦੀ ਮੌਤ ਹੋ ਗਈ। ਬੱਸ ਦੀਆਂ ਸਵਾਰੀਆਂ ਜ਼ਖਮੀ ਹੋ ਗਈਆਂ। ਇਸੇ ਦੇ ਨਾਲ ਹੀ ਬੱਸ ਦੇ ਪਿੱਛੇ ਆ ਰਹੀ ਸਕਾਰਪੀਓ ਵੀ ਟਕਰਾ ਗਈ ਤੇ ਸਵਾਰ ਦੋ ਲੋਕ ਜ਼ਖਮੀ ਹੋ ਗਏ।

ਮੌਕੇ 'ਤੇ ਪਹੁੰਚੇ ਲੋਕਾਂ ਨੂੰ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ ਜਿਸ ਕਾਰਨ ਇਕ ਮੌਤ ਹੋਈ ਹੈ ਤੇ ਕਈ ਜ਼ਖਮੀ ਹਨ।