ਫਰੀਦਕੋਟ: ਵਧੀਕ ਸ਼ੈਸ਼ਨ ਜੱਜ ਰਾਜਵਿੰਦਰ ਕੌਰ ਨੇ ਅੱਜ ਆਪਣੇ ਇੱਕ ਫੈਸਲੇ 'ਚ ਇੱਕ ਅਕਾਲੀ ਆਗੂ ਅਪੀਲ ਨੂੰ ਖਾਰਜ ਕਰਦਿਆਂ ਉਸ ਨੂੰ ਚਾਰ ਚੈੱਕ ਬਾਊਂਸ ਹੋਣ ਦੇ ਮਾਮਲਿਆਂ 'ਚ ਜੇਲ੍ਹ ਭੇਜਣ ਦਾ ਹੁਕਮ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਆਗੂ ਰਮਨਦੀਪ ਸਿੰਘ ਭੋਲੂਵਾਲਾ ਨੂੰ ਜਨਵਰੀ 2017 'ਚ ਇਲਾਕਾ ਮੈਜਿਸਟ੍ਰੇਟ ਅਤੁਲ ਕੰਬੋਜ ਨੇ ਪਨਸਪ ਤੇ ਫੂਡ ਸਪਲਾਈ ਵਿਭਾਗ ਵੱਲੋਂ ਦਾਇਰ ਕੀਤੀਆਂ ਚਾਰ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਚੈੱਕ ਬਾਊਂਸ ਦੇ ਚਾਰ ਮਾਮਲਿਆਂ 'ਚ ਇੱਕ-ਇੱਕ ਸਾਲ ਦੀ ਕੈਦ ਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। ਜਿਸ ਖ਼ਿਲਾਫ਼ ਰਮਨਦੀਪ ਸਿੰਘ ਨੇ ਸ਼ੈਸ਼ਨ ਕੋਰਟ 'ਚ ਅਪੀਲ ਕੀਤੀ ਸੀ ਜੋ ਅੱਜ ਖਾਰਜ ਹੋ ਗਈ। ਰਮਨਦੀਪ ਸਿੰਘ ਭੋਲੂਵਾਲਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਨ। ਅਪੀਲ ਖਾਰਜ ਹੋਣ ਮਗਰੋਂ ਉਸ ਨੂੰ ਮਾਡਰਨ ਜੇਲ੍ਹ ਫਰੀਦਕੋਟ 'ਚ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਨਸਪ ਵਿਭਾਗ ਨੇ 2011-12 'ਚ ਅਕਾਲੀ ਆਗੂ ਰਮਨਦੀਪ ਸਿੰਘ ਭੋਲੂਵਾਲਾ ਦੀ ਮਾਲਕੀ ਵਾਲੀ ਫਰੀਦ ਕਾਟਨ ਤੇ ਗਿਨਿੰਗ ਫੈਕਟਰੀ 'ਚ 73 ਹਜ਼ਾਰ 681 ਕੁਇੰਟਲ ਝੋਨਾ ਜਮ੍ਹਾ ਕਰਾਇਆ ਸੀ। ਸਮਝੌਤੇ ਮੁਤਾਬਿਕ ਅਕਾਲੀ ਆਗੂ ਨੇ ਇਸ ਝੋਨੇ ਦਾ ਚੌਲ ਤਿਆਰ ਕਰਕੇ ਪਨਸਪ ਨੂੰ ਦੇਣਾ ਸੀ।
ਪਨਸਪ ਦੇ ਅਧਿਕਾਰੀਆਂ ਅਨੁਸਾਰ ਅਕਾਲੀ ਆਗੂ ਨੇ ਸਮਝੌਤੇ ਮੁਤਾਬਕ ਝੋਨੇ ਤੋਂ ਚੌਲ ਬਣਾ ਕੇ ਵਿਭਾਗ ਨੂੰ ਨਹੀਂ ਦਿੱਤਾ ਤੇ ਨਾ ਹੀ ਝੋਨਾ ਵਾਪਸ ਕੀਤਾ। ਭੋਲੂਵਾਲਾ ਨੇ ਝੋਨੇ ਦੀ ਅਦਾਇਗੀ ਬਦਲੇ 15 ਜਨਵਰੀ 2013, 20 ਜਨਵਰੀ 2013, 3 ਫਰਵਰੀ 2013 ਤੇ 27 ਫਰਵਰੀ 2013 ਨੂੰ 1 ਕਰੋੜ 56 ਲੱਖ ਦੀ ਰਾਸ਼ੀ ਦੇ ਚਾਰ ਚੈੱਕ ਪਨਸਪ ਨੂੰ ਦਿੱਤੇ ਸਨ ਪਰ ਖਾਤਿਆਂ 'ਚ ਪੈਸੇ ਨਾ ਹੋਣ ਕਾਰਨ ਇਹ ਚਾਰੇ ਚੈੱਕ ਬਾਊਂਸ ਹੋ ਗਏ। ਜਿਸ 'ਤੇ ਪਨਸਪ ਨੇ ਅਦਾਲਤ 'ਚ ਕੇਸ ਕੀਤਾ ਸੀ।