ਸੁਖਪਾਲ ਖਹਿਰਾ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀ ED ਦੀ ਕਾਰਵਾਈ, ਨੋਟਿਸ ਭੇਜ ਕੇ ਪੁੱਛਗਿੱਛ ਲਈ ਤਲਬ
ਨੋਟਿਸ ਮੁਤਾਬਕ 21 ਜੂਨ ਨੂੰ ਈਡੀ ਨੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਈਡੀ ਪੀਐਮਐਲਏ ਐਕਟ ਤਹਿਤ ਦਰਜ ਕੇਸ ਬਾਰੇ ਪੁੱਛਗਿੱਛ ਕਰੇਗੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵਿਧਾਇਕ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਹੁਣ ਲੱਗਦਾ ਹੈ ਕਿ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿੱਚ ਫਿਰ ਵਧ ਸਕਦੀਆਂ ਹਨ। ਦਰਅਸਲ, ਕੇਂਦਰੀ ਜਾਂਚ ਏਜੰਸੀ (ED) ਨੇ ਖਹਿਰਾ ਖਿਲਾਫ ਇੱਕ ਹੋਰ ਕਾਰਵਾਈ ਕਰਦਿਆਂ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ ਤੇ 21 ਜੂਨ ਨੂੰ ਈਡੀ ਦੇ ਮੁੱਖ ਦਫ਼ਤਰ ਵਿਖੇ ਪੁੱਛਗਿੱਛ ਲਈ ਸੱਦਿਆ ਹੈ।
ਈਡੀ ਦੇ ਸੂਤਰਾਂ ਮੁਤਾਬਕ ਇਸ ਸਾਲ ਮਾਰਚ ਵਿੱਚ ਸੁਖਪਾਲ ਖਹਿਰਾ ਨਾਲ ਸਬੰਧਤ ਮਨੀ ਲਾਂਡਰਿੰਗ (PMLA) ਦਾ ਕੇਸ ਦਰਜ ਕਰਨ ਤੋਂ ਬਾਅਦ ਈਡੀ ਨੂੰ ਜਾਂਚ ਦੌਰਾਨ ਕਈ ਅਹਿਮ ਸਬੂਤ ਮਿਲੇ ਹਨ। ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਅਧਾਰ 'ਤੇ ਈਡੀ ਇੱਕ ਵਾਰ ਫਿਰ ਤੋਂ ਸੁਖਪਾਲ ਖਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਲਈ 21 ਜੂਨ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਗਿਆ ਤੇ ਦਿੱਲੀ ਬੁਲਾਇਆ ਗਿਆ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਕੇਸ ਤੋਂ ਹਾਸਲ ਕੀਤੀ ਗੈਰਕਨੂੰਨੀ ਜਾਇਦਾਦ ਸਮੇਤ ਗੈਰ ਕਾਨੂੰਨੀ/ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਕਈ ਵਿਅਕਤੀਆਂ ਦੇ ਪਾਸਪੋਰਟ ਬਣਾਉਣ ਦੇ ਸਬੰਧ ਵਿੱਚ ਬਹੁਤ ਪਹਿਲਾਂ ਪੰਜਾਬ ਵਿਚ ਕੇਸ ਦਰਜ ਕੀਤਾ ਗਿਆ ਸੀ, ਇਸੇ ਕੇਸ ਵਿੱਚ ਕਈ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਸੀ। ਉਨ੍ਹਾਂ ਤੋਂ ਮਿਲੇ ਸਬੂਤਾਂ ਦੇ ਅਧਾਰ 'ਤੇ ਈਡੀ ਨੇ ਸੁਖਪਾਲ ਖਹਿਰਾ 'ਤੇ ਲੱਗੇ ਕਈ ਗੰਭੀਰ ਦੋਸ਼ਾਂ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਦੀ ਟੀਮ ਇਸੇ ਮਾਮਲੇ ਦੀ ਅਗਲੀ ਜਾਂਚ ਲਈ ਸੁਖਪਾਲ ਖਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਹਾਲਾਂਕਿ ਸੁਖਪਾਲ ਸਿੰਘ ਖਹਿਰਾ ਇਸ ਮੁੱਦੇ 'ਤੇ ਕਈ ਵਾਰ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਹਨ, ਪਰ ਜੇ ਈਡੀ ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਟੀਮ ਨੇ ਖਹਿਰਾ ਦੀ ਰਿਹਾਇਸ਼ ਸਮੇਤ ਦਿੱਲੀ, ਪੰਜਾਬ ਦੇ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ। ਉਕਤ ਛਾਪੇਮਾਰੀ ਦੌਰਾਨ ਖਹਿਰਾ ਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਖ਼ਿਲਾਫ਼ ਕੁਝ ਅਹਿਮ ਸਬੂਤ ਤੇ ਦਸਤਾਵੇਜ਼ ਮਿਲੇ, ਜਿਸ ਦੇ ਅਧਾਰ ‘ਤੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਈਡੀ ਨੇ 17 ਮਾਰਚ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਵਿੱਚ ਬੁਲਾਇਆ ਸੀ ਪਰ ਉਹ ਪੁੱਛਗਿੱਛ ਲਈ ਨਹੀਂ ਆਏ। ਖਹਿਰਾ ਵੱਲੋਂ ਈਡੀ ਨੂੰ ਪੱਤਰ ਭੇਜ ਕੇ ਦੱਸਿਆ ਗਿਆ ਕਿ ਕੋਰੋਨਾ ਸੰਕਰਮਣ ਤੇ ਉਸ ਦੇ ਪੀਐਸਓ ਦੀ ਲਾਗ ਦੇ ਮੱਦੇਨਜ਼ਰ ਉਹ ਖੁਦ ਆਪਣੀ ਜਾਂਚ ਤੇ ਮਾਮਲੇ ਦੀ ਗੰਭੀਰਤਾ ਕਾਰਨ ਨਹੀਂ ਆ ਸਕਦੇ।
9 ਮਾਰਚ ਨੂੰ ਈਡੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਸੁਖਪਾਲ ਸਿੰਘ ਖਹਿਰਾ ਦੇ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਚੰਡੀਗੜ੍ਹ ਦੀ ਰਿਹਾਇਸ਼ ਤੇ ਭੁਲੱਥ ਵਿਧਾਨ ਸਭਾ ਦੇ ਰਾਮਗੜ੍ਹ ਵਿਖੇ ਵੀ ਛਾਪੇਮਾਰੀ ਕੀਤੀ ਗਈ। ਖਹਿਰਾ ਤੇ ਉਸ ਦੇ ਪੀਐਸਓ ਓਂਕਾਰ ਸਿੰਘ ਵੀ ਈਡੀ ਦੀ ਛਾਪੇਮਾਰੀ ਦੌਰਾਨ ਰਾਮਗੜ੍ਹ ਨਿਵਾਸ 'ਤੇ ਮੌਜੂਦ ਸੀ।
ਇਹ ਵੀ ਪੜ੍ਹੋ: Vivo V21e 5G Launch Date: ਭਾਰਤ ’ਚ 24 ਜੂਨ ਨੂੰ ਲਾਂਚ ਹੋਵੇਗਾ ਵੀਵੋ ਦਾ ਸਮਾਰਟਫ਼ੋਨ, 25 ਹਜ਼ਾਰ ਤੋਂ ਘੱਟ ਹੋ ਸਕਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin