ਆਖਰ ਐਨ ਮੌਕੇ 'ਤੇ ਕਿਉਂ ਟਲਿਆ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਫੈਸਲਾ ?
Punjab News : ਪ੍ਰੋ. ਭੁੱਲਰ ਨੂੰ 1993 ਵਿਚ ਦਿੱਲੀ ਵਿਚ ਹੋਏ ਬੰਬ ਧਮਾਕੇ ਵਿਚ 9 ਵਿਅਕਤੀਆਂ ਦੀ ਹੱਤਿਆ ਤੇ 31 ਹੋਰਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿੱਚ ਯੂਥ ਕਾਂਗਰਸ ਦਾ ਸਾਬਕਾ ਪ੍ਰਧਾਨ ਐਮਐਸ ਬਿੱਟਾ ਵੀ ਜ਼ਖ਼ਮੀ ਹੋਇਆ ਸੀ।
ਚੰਡੀਗੜ੍ਹ: 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਫੈਸਲਾ ਮੁੜ ਟਲ ਗਿਆ ਹੈ। ਚਰਚਾ ਸੀ ਕਿ ਬੁੱਧਵਾਰ ਨੂੰ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਹੋ ਸਕਦੀ ਹੈ ਪਰ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ (ਐਸਆਰਬੀ) ਨੇ ਛੇਤੀ ਰਿਹਾਈ ਸਬੰਧੀ ਫੈਸਲਾ ਟਾਲ ਦਿੱਤਾ ਹੈ। ਭੁੱਲਰ ਇਸ ਸਮੇਂ ਅੰਮ੍ਰਿਤਸਰ ਜੇਲ੍ਹ ’ਚ ਬੰਦ ਹੈ।
ਇਸ ਬਾਰੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਨੂੰ ਬੋਰਡ ਦੀ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਗਿਆ ਹੈ। ਬੋਰਡ ਦੇ ਸੱਤ ਮੈਂਬਰਾਂ ਵਿੱਚ ਤਿਹਾੜ ਜੇਲ੍ਹ ਦਾ ਡਾਇਰੈਕਟਰ ਜਨਰਲ, ਗ੍ਰਹਿ ਤੇ ਕਾਨੂੰਨ ਵਿਭਾਗਾਂ ਦਾ ਸਕੱਤਰ, ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦਾ ਡਾਇਰੈਕਟਰ, ਇੱਕ ਜ਼ਿਲ੍ਹਾ ਜੱਜ ਤੇ ਦਿੱਲੀ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਸ਼ਾਮਲ ਹੈ।
ਦੱਸ ਦਈਏ ਕਿ ਪ੍ਰੋ. ਭੁੱਲਰ ਨੂੰ 1993 ਵਿਚ ਦਿੱਲੀ ਵਿਚ ਹੋਏ ਬੰਬ ਧਮਾਕੇ ਵਿਚ 9 ਵਿਅਕਤੀਆਂ ਦੀ ਹੱਤਿਆ ਤੇ 31 ਹੋਰਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿੱਚ ਯੂਥ ਕਾਂਗਰਸ ਦਾ ਸਾਬਕਾ ਪ੍ਰਧਾਨ ਐਮਐਸ ਬਿੱਟਾ ਵੀ ਜ਼ਖ਼ਮੀ ਹੋਇਆ ਸੀ। ਭੁੱਲਰ ਨੂੰ 25 ਅਗਸਤ, 2001 ’ਚ ਇੱਕ ਮਨੋਨੀਤ ਟਾਡਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਨੂੰ ਘਟਾ ਦਿੱਤੇ ਜਾਣ ਤੋਂ ਬਾਅਦ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਜੂਨ 2015 ਵਿੱਚ ਸਿਹਤ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਸੂਬੇ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭੁੱਲਰ ਦੀ ਤੁਰੰਤ ਰਿਹਾਈ ਮੰਗੀ ਸੀ। ਉਨ੍ਹਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਭੁੱਲਰ ਦੀ ਰਿਹਾਈ ’ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਤੇ ਅਕਾਲੀ ਦਲ ਇਸ ਉੱਤੇ ਗੰਦੀ ਰਾਜਨੀਤੀ ਕਰ ਰਿਹਾ ਹੈ।