ਚੰਡੀਗੜ੍ਹ: ਨਿਊਜ਼ੀਲੈਂਡ ਦੀ ਧਰਤੀ ’ਤੇ ਪੰਜ ਵਨਡੇਅ ਦੀ ਸੀਰੀਜ਼ ਵਿੱਚ ਟੀਮ ਇੰਡੀਆ ਨੇ 3-0 ਨਾਲ ਬੜ੍ਹਤ ਬਣਾ ਲਈ ਹੈ। ਕਪਤਾਨ ਵਿਰਾਟ ਕੋਹਲੀ ਨੇ ਟੀਮ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਇਹ ਦੂਜਾ ਮੌਕਾ ਹੈ ਜਦੋਂ ਟੀਮ ਇੰਡੀਆ ਨਿਊਜ਼ੀਲੈਂਡ ਵਿੱਚ ਵਨਡੇਅ ਸੀਰੀਜ਼ ਜਿੱਤਣ ਵਿੱਚ ਕਾਮਯਾਬ ਹੋਈ ਹੈ। ਇਸ ਤੋਂ ਪਹਿਲਾਂ ਸਾਲ 2009 ਵਿੱਚ ਧੋਨੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿੱਚ ਸੀਰੀਜ਼ ਆਪਣੇ ਨਾਂ ਕੀਤੀ ਸੀ।
ਇਸ ਮੌਕੇ ਵਿਰਾਟ ਨੇ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਉਸ ਨੂੰ ਨੈੱਟ ਵਿੱਚ ਬੈਟਿੰਗ ਕਰਦਿਆਂ ਵੇਖਿਆ ਹੈ। ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਤੁਹਾਡੀ ਥਾਂ ਲਏਗਾ। ਉਸ ਨੇ ਕਿਹਾ ਕਿ ਜਦੋਂ ਮੈਂ 10 ਸਾਲ ਦਾ ਸੀ ਤਾਂ ਮੈਂ ਸ਼ੁਭਮਨ ਦਾ 10 ਫੀਸਦੀ ਵੀ ਨਹੀਂ ਸੀ।
ਦੱਸ ਦੇਈਏ ਕਿ BCCI ਨੇ ਪਹਿਲਾਂ ਹੀ ਵਿਰਾਟ ਕੋਹਲੀ ਨੂੰ ਆਖਰੀ ਦੋ ਵਨਡੇਅ ਤੇ T-20 ਸੀਰੀਜ਼ ਤੋਂ ਆਰਾਮ ਦੇਣ ਦਾ ਐਲਾਨ ਕਰ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਖਰੀ ਵਨਡੇਅ ਵਿੱਚ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਵਿਰਾਟ ਦੀ ਥਾਂ ਟੀਮ ਦਾ ਹਿੱਸਾ ਬਣੇਗਾ।
ਆਪਣੀ ਬ੍ਰੇਕ ਬਾਰੇ ਗੱਲ ਕਰਦਿਆਂ ਵਿਰਾਟ ਨੇ ਕਿਹਾ ਕਿ ਵਰਲਡ ਕੱਪ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਹੈ। ਉਸ ਨੇ ਕਿਹਾ ਕਿ ਯੁਵਾ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਕਿਹਾ ਕਿ ਮੈਂ ਕਾਫੀ ਸਮੇਂ ਤੋਂ ਬ੍ਰੇਕ ਨਹੀਂ ਲਈ ਤੇ ਹੁਣ ਮੈਂ ਆਰਾਮ ਕਰਨਾ ਚਾਹੁੰਦਾ ਹਾਂ।