Agniveer Amritpal Singh: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਨੇ ਭਾਰਤੀ ਫੌਜ ਨੂੰ ਕੀਤੀ ਇਹ ਅਪੀਲ, ਪੰਜਾਬ ਸਰਕਾਰ ਦਾ ਸ਼ਹੀਦ ਮੰਨੇ ਜਾਣ 'ਤੇ ਕੀਤਾ ਧੰਨਵਾਦ
Punjab News: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਅੰਮ੍ਰਿਤਪਾਲ ਸਿੰਘ ਦੇ ਸੰਸਕਾਰ ਮੌਕੇ ਭਾਰਤੀ ਫੌਜ ਵੱਲੋਂ ਸਲਾਮੀ ਨਾ ਦੇਣ ਦੇ ਕਾਰਨ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ।
Agniveer Amritpal Singh: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਅੰਮ੍ਰਿਤਪਾਲ ਸਿੰਘ ਦੇ ਸੰਸਕਾਰ ਮੌਕੇ ਭਾਰਤੀ ਫੌਜ ਵੱਲੋਂ ਸਲਾਮੀ ਨਾ ਦੇਣ ਦੇ ਕਾਰਨ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਮਾਮਲਾ ਅੰਮ੍ਰਿਤਪਾਲ ਸਿੰਘ ਨੂੰ ਫੌਜ ਵੱਲੋਂ 'ਗਾਰਡ ਆਫ਼ ਆਨਰ' ਨਾ ਦਿੱਤੇ ਜਾਣ ਦਾ ਹੈ। ਦੱਸ ਦਈਏ ਲੰਘੀ 11 ਅਕਤੂਬਰ ਨੂੰ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਸੀ। ਜਿਸ ਮਗਰੋਂ ਉਸ ਦੀ ਮ੍ਰਿਤਕ ਦੇਹ ਨੂੰ ਇੱਕ ਨਿੱਜੀ ਐਂਬੂਲੈਂਸ ਰਾਹੀਂ ਪੰਜਾਬ ਲਿਆਂਦਾ ਗਿਆ। ਭਾਰਤੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮੌਤ ਉਨ੍ਹਾਂ ਦੀ ਆਪਣੀ ਗੋਲੀ ਨਾਲ ਹੀ ਹੋਈ ਹੈ।
ਉਧਰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨਦੇ ਹੋਏ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਫੌਜ ਨੂੰ ਖਾਸ ਅਪੀਲ
ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਮ ਅੱਖਾਂ ਨਾਲ ਕਿਹਾ ਕਿ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਵਾ ਕੇ ਫੌਜ ਨੂੰ ਸੌਂਪ ਦਿੱਤਾ ਸੀ। ਜਦੋਂ ਫੌਜ ਦੇ ਵਿੱਚ ਉਨ੍ਹਾਂ ਦੇ ਪੁੱਤਰ ਨੇ ਫੌਜ ਦੀ ਵਰਦੀ ਪਾ ਲਈ ਸੀ ਤਾਂ ਉਹ ਫੌਜ ਦਾ ਬੇਟਾ ਹੋ ਗਿਆ ਸੀ। ਪਰ ਹੁਣ ਫੌਜ ਉਸ ਨੂੰ ਸ਼ਹੀਦ ਨਾ ਮੰਨਣ ਦੀ ਜੋ ਗੱਲ ਕਹਿ ਰਹੀ ਹੈ । ਇਸ ਨਾਲ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਸ਼ਹੀਦ ਮੰਨਦਾ ਹਾਂ ਕਿਉਂਕਿ ਉਸ ਨੇ ਦੇਸ਼ ਦੀ ਸਰਹੱਦ 'ਤੇ ਆਪਣੀ ਜਾਨ ਕੁਰਬਾਨ ਕੀਤੀ ਹੈ।
ਪੰਜਾਬ ਸਰਕਾਰ ਦਾ ਧੰਨਵਾਦ
ਉਥੇ ਉਹਨਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨੇ ਜਾਣ ਤੇ ਬੋਲਦਿਆਂ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਉਹਨਾਂ ਦੇ ਬੇਟੇ ਨੂੰ ਸ਼ਹੀਦ ਮੰਨਿਆ ਹੈ ਅਤੇ ਦੂਸਰੇ ਸ਼ਹੀਦਾਂ ਦੀ ਤਰ੍ਹਾਂ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਅੰਮ੍ਰਿਤ ਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਨੇ ਭਾਰਤੀ ਫੌਜ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੇ ਪੁੱਤਰ ਨੂੰ ਸ਼ਹੀਦ ਮੰਨਣ ਅਤੇ ਉਸ 'ਤੇ ਬਿਆਨਬਾਜ਼ੀ ਨਾ ਕਰਨ ਅਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦਾ ਵੀ ਅੰਮ੍ਰਿਤਪਾਲ ਨੂੰ ਸ਼ਹੀਦ ਮੰਨੇ ਜਾਣ ਤੇ ਧੰਨਵਾਦ ਕੀਤਾ ਹੈ।
ਉਧਰ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਕਿਰਨਜੀਤ ਸਿੰਘ ਗਹਿਰੀ ਨੇ ਵੀ ਅਗਨੀਵੀਰ ਦਾ ਸੰਸਕਾਰ ਮੌਕੇ ਸਨਮਾਨ ਨਾ ਕੀਤੇ ਜਾਣ ਤੇ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਨੂੰ ਸ਼ਹੀਦ ਮੰਨਿਆ ਜਾਵੇ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਡਿਊਟੀ ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਉੱਥੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦਾ ਵੀ ਅੰਮ੍ਰਿਤਪਾਲ ਨੂੰ ਸ਼ਹੀਦ ਮੰਨੇ ਜਾਣ 'ਤੇ ਧੰਨਵਾਦ ਕੀਤਾ ਹੈ।