ਜਦੋਂ ਆਪਣੇ ਹੀ ਬੁਣੇ ਸਿਆਸੀ ਜਾਲ 'ਚ ਉਲਝਿਆ ਅਕਾਲੀ ਦਲ, ਵੇਖੋ ਸੁਖਬੀਰ ਬਾਦਲ ਦੇ ਦੋਹਰੇ ਸਟੈਂਡ

ਏਬੀਪੀ ਸਾਂਝਾ Updated at: 18 Sep 2020 10:53 AM (IST)

ਸ਼੍ਰੋਮਣੀ ਅਕਾਲੀ ਦਲ ਆਪਣੇ ਹੀ ਬੁਣੇ ਸਿਆਸੀ ਜਾਲ ਵਿੱਚ ਫਸ ਗਿਆ ਹੈ। ਹੁਣ ਤੱਕ ਅਕਾਲੀ ਲੀਡਰ ਦਾਅਵਾ ਕਰ ਰਹੇ ਸੀ ਕਿ ਖੇਤੀ ਬਿੱਲ ਕਿਸਾਨਾਂ ਲਈ ਫਾਇਦੇਮੰਦ ਹਨ ਤੇ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਗੁੰਮਰਾਹ ਕਰ ਰਹੀਆਂ ਹਨ ਪਰ ਲੋਕ ਸਭਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਦੀ ਪਲਟੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਅਚਾਨਕ ਖੇਤੀ ਬਿੱਲਾਂ ਖਿਲਾਫ ਸਟੈਂਡ ਲੈ ਲਿਆ ਤੇ ਅਗਲੇ ਹੀ ਦਿਨ ਹਰਸਿਮਰਤ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

NEXT PREV
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਆਪਣੇ ਹੀ ਬੁਣੇ ਸਿਆਸੀ ਜਾਲ ਵਿੱਚ ਫਸ ਗਿਆ ਹੈ। ਹੁਣ ਤੱਕ ਅਕਾਲੀ ਲੀਡਰ ਦਾਅਵਾ ਕਰ ਰਹੇ ਸੀ ਕਿ ਖੇਤੀ ਬਿੱਲ ਕਿਸਾਨਾਂ ਲਈ ਫਾਇਦੇਮੰਦ ਹਨ ਤੇ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਗੁੰਮਰਾਹ ਕਰ ਰਹੀਆਂ ਹਨ ਪਰ ਲੋਕ ਸਭਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਦੀ ਪਲਟੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਅਚਾਨਕ ਖੇਤੀ ਬਿੱਲਾਂ ਖਿਲਾਫ ਸਟੈਂਡ ਲੈ ਲਿਆ ਤੇ ਅਗਲੇ ਹੀ ਦਿਨ ਹਰਸਿਮਰਤ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਬਾਦਲ ਹਫਤਾ ਪਹਿਲਾਂ ਤੱਕ ਜਿਨ੍ਹਾਂ ਖੇਤੀ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦਸ ਰਹੇ ਸੀ, ਉਨ੍ਹਾਂ ਬਾਰੇ ਲੋਕ ਸਭਾ ਵਿੱਚ ਕਿਹਾ ਕਿ ਇਹ ਬਿੱਲ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀ ਤਬਾਹੀ ਦਾ ਕਾਰਨ ਬਣਨਗੇ ਤੇ ਜਿਣਸਾਂ ਦੇ ਖ਼ਰੀਦ ਪ੍ਰਬੰਧਾਂ ਨੂੰ ਖ਼ਤਮ ਕਰ ਦੇਣਗੇ। ਅਕਾਲੀ ਦਲ ਦਾ ਅਜਿਹਾ ਸਟੈਂਡ ਵੇਖ ਬੀਜੇਪੀ ਵੀ ਹੈਰਾਨ ਸੀ।

ਅਕਾਲੀ ਦਲ ਦਾ ਪੱਖ


ਉਂਝ ਅਕਾਲੀ ਦਲ ਇਸ ਬਾਰੇ ਆਪਣਾ ਵੱਖਰਾ ਹੀ ਤਰਕ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਵੀ ਹਨੇਰੇ ਵਿੱਚ ਰੱਖਿਆ। 'ਏਬੀਪੀ ਨਿਊਜ਼' ਨੇ ਜਦੋਂ ਸਵਾਲ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਇਹ ਆਰਡੀਨੈਂਸ ਆਇਆ ਸੀ, ਤਾਂ ਅਸੀਂ ਸਰਕਾਰ ਨੂੰ ਆਰਡੀਨੈਂਸ ਨਾ ਲਿਆਉਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ।" ਅਸੀਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜ਼ਮੀਨੀ ਹਕੀਕਤ ਜਾਣਦੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ ਇਸ ਵਿੱਚ ਕਿਸਾਨਾਂ ਦੀ ਸਲਾਹ ਵੀ ਸ਼ਾਮਲ ਕੀਤੀ ਜਾਵੇ ਪਰ ਉਨ੍ਹਾਂ ਨੇ ਕਿਹਾ ਕਿ ਇਹ ਆਰਡੀਨੈਂਸ ਹੈ, ਬਿੱਲ ਬਾਅਦ ਵਿੱਚ ਆਵੇਗਾ।” -


ਦਰਅਸਲ ਅਕਾਲੀ ਦਲ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਕਿਸਾਨ ਸਭ ਸਿਆਸੀ ਹੱਦਬੰਦੀਆਂ ਤੋੜ ਖੇਤੀ ਬਿੱਲਾਂ ਖਿਲਾਫ ਇੱਕਜੁਟ ਹੋ ਜਾਣਗੇ। ਆਮ ਆਦਮੀ ਪਾਰਟੀ ਤੇ ਕਾਂਗਰਸ ਸਣੇ ਸਾਰੇ ਸਿਆਸੀ ਦਲ ਪਹਿਲਾਂ ਹੀ ਕਿਸਾਨਾਂ ਦੇ ਹੱਕ ਵਿੱਚ ਡਟੇ ਸੀ। ਸੰਘਰਸ਼ ਸ਼ੁਰੂ ਹੋਇਆ ਤਾਂ ਅਕਾਲੀ ਦਲ ਦੇ ਹਮਾਇਤੀ ਕਿਸਾਨ ਵੀ ਸੜਕਾਂ 'ਤੇ ਆ ਡਟੇ। ਇਹ ਰਿਪੋਰਟਾਂ ਅਕਾਲੀ ਲੀਡਰਸ਼ਿਪ ਕੋਲ ਪਹੁੰਚੀ ਤਾਂ ਉਨ੍ਹਾਂ ਰੂਹ ਕੰਬ ਗਈ। ਇਸ ਲਈ ਰਾਤੋ-ਰਾਤ ਸੁਖਬੀਰ ਬਾਦਲ ਨੇ ਆਪਣਾ ਸਟੈਂਡ ਬਦਲਣ ਦਾ ਫੈਸਲਾ ਲਾ ਲਿਆ।

ਦਰਅਸਲ ਇਹ ਵੀ ਅਹਿਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾਂ ਕਿਸਾਨੀ ਵੋਟ ਬੈਂਕ ’ਤੇ ਹੀ ਟੇਕ ਰਹੀ ਹੈ। ਜਦੋਂ ਕਿ ਅਕਾਲੀ ਦਲ ਕੇਂਦਰ ਦਾ ਪੱਖ ਪੂਰਨ ਦੇ ਰਾਹ ਪੈ ਗਿਆ ਸੀ ਤਾਂ ਦਿਹਾਤੀ ਪੰਜਾਬ ਵਿੱਚ ਅਕਾਲੀ ਦਲ ਦੀ ਸਾਖ ਦਾਅ ’ਤੇ ਲੱਗ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਆਖ਼ਰਕਾਰ ਲੋਕਾਂ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਕੇਂਦਰੀ ਵਜ਼ਾਰਤ ਨੂੰ ਅਲਵਿਦਾ ਕਹਿਣਾ ਪਿਆ ਹੈ। ਬੇਸ਼ੱਕ ਹਰਸਿਰਤ ਨੇ ਵਜ਼ੀਰੀ ਛੱਡ ਦਿੱਤੀ ਪਰ ਹੁਣ ਸਵਾਲ ਖੜ੍ਹੇ ਹਨ ਕਿ ਅਕਾਲੀ ਦਲ ਹੁਣ ਤੱਕ ਕਿਸਾਨਾਂ ਨਾਲ ਝੂਠ ਹੀ ਬੋਲ ਰਿਹਾ ਸੀ।

ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਰਸਿਮਰਤ ਬਾਦਲ ਦਾ ਅਸਤੀਫ਼ਾ ਅਕਾਲੀ ਦਲ ਵੱਲੋਂ ਰਚੇ ਜਾ ਰਹੇ ਡਰਾਮਿਆਂ ਦੀ ਇੱਕ ਹੋਰ ਨੌਟੰਕੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਦਾ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ਾ ਬਹੁਤ ਦੇਰੀ ਨਾਲ ਲਿਆ ਫ਼ੈਸਲਾ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਕਿਸੇ ਕਿਸਮ ਦੀ ਮਦਦ ਨਹੀਂ ਹੋਣੀ। ਜੇ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਸਟੈਂਡ ਲਿਆ ਹੁੰਦਾ ਤੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਸੂਬਾ ਸਰਕਾਰ ਦਾ ਸਮਰਥਨ ਕੀਤਾ ਹੁੰਦਾ ਤਾਂ ਸ਼ਾਇਦ ਇਹ ਬਿੱਲ ਪਾਸ ਹੋਣ ਦੇ ਹਾਲਾਤ ਪੈਦਾ ਨਾ ਹੁੰਦੇ ਤੇ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ।

ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਰੋਹ ਦੇ ਡਰੋਂ ਹਰਸਿਮਰਤ ਨੇ ਅਸਤੀਫ਼ਾ ਦਿੱਤਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਹਾਜ਼ਰੀ ਵਾਲੀ ਕੈਬਨਿਟ ਮੀਟਿੰਗ ਵਿੱਚ ਆਰਡੀਨੈਂਸਾਂ ਦਾ ਫ਼ੈਸਲਾ ਹੋਇਆ। ਹੁਣ ਜਦੋਂ ਕਿਸਾਨਾਂ ਨੇ ਪਿੰਡਾਂ ਵਿੱਚ ਅਕਾਲੀ ਦਲ ਨੂੰ ਵੜਨ ਨਾ ਦੇਣ ਫ਼ੈਸਲਾ ਕਰ ਲਿਆ ਤਾਂ ਅਸਤੀਫ਼ਾ ਦੇਣਾ ਪਿਆ ਹੈ। ਚੀਮਾ ਨੇ ਕਿਹਾ ਕਿ ਅਸਤੀਫ਼ਾ ਹਾਲੇ ਪ੍ਰਵਾਨ ਨਹੀਂ ਹੋਇਆ ਤੇ ਹੋ ਸਕਦਾ ਹੈ ਕਿ ਇਸ ਪਿੱਛੇ ਵੀ ਅਕਾਲੀ ਦਲ ਦੀ ਸਾਜਿਸ਼ ਹੋਵੇ।

- - - - - - - - - Advertisement - - - - - - - - -

© Copyright@2024.ABP Network Private Limited. All rights reserved.