ਸਿਰਸਾ: ਹਾਈ ਕੋਰਟ ਦੇ ਆਦੇਸ਼ ਤੋਂ ਬਾਦ ਹਿੰਸਾ ਕਰਨ ਪ੍ਰਤੀ ਪ੍ਰਸ਼ਾਸਨ ਨੇ ਵੀ ਸਖ਼ਤ ਰੁਖ ਧਾਰ ਲਿਆ ਹੈ। ਡੇਰਾ ਸੱਚਾ ਸੌਦਾ ਦੇ ਹੈਡਕੁਆਟਰ ਨੂੰ ਸੁਰੱਖਿਆ ਬਲਾਂ ਨੇ ਖਾਲੀ ਕਰਵਾ ਲਿਆ ਹੈ। ਇਸ ਦੌਰਾਨ ਗੱਡੀਆਂ ਦੀ ਚੈਕਿੰਗ ਕਰਦਿਆਂ ਰਾਮ ਰਹੀਮ ਦੇ ਸਮਰਥਕਾਂ ਦੀਆਂ ਗੱਡੀਆਂ ਵਿੱਚੋਂ ਹਥਿਆਰ ਬਰਾਮਦ ਕੀਤੇ ਗਏ ਹਨ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੱਲ੍ਹ ਰਾਮ ਰਹੀਮ ਦੇ ਸਮਰਥਕਾਂ ਦੀਆਂ ਗੱਡੀਆਂ ਤੋਂ ਮਾਊਜ਼ਰ ਅਤੇ ਪਿਸਟਲ ਸਮੇਤ ਏ.ਕੇ. 47 ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਹਥਿਆਰਾਂ ਵਿੱਚ ਵਰਤੇ ਜਾਣ ਵਾਲੇ ਕਈ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਹਾਲੇ ਮਾਮਲਾ ਕਿੱਥੇ ਦਰਜ ਹੋਇਆ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਦੱਸਣਾ ਬਣਦਾ ਹੈ ਕਿ ਦੇਸ਼ ਵਿੱਚ ਆਮ ਜਨਤਾ ਨੂੰ ਬਣਦੇ ਲਾਈਸੰਸ ਸਮੇਤ ਸਿਰਫ ਥੋੜ੍ਹੀਆਂ ਕਿਸਮਾਂ ਦੇ ਹਥਿਆਰ ਰੱਖਣ ਦੀ ਹੀ ਇਜਾਜ਼ਤ ਹੈ। ਅਸਲਾ ਕਾਨੂੰਨ 1959 ਦੇ ਤਹਿਤ ਆਮ ਲੋਕਾਂ ਲਈ ਸਵੈਚਾਲੀ ਹਥਿਆਰ ਯਾਨੀ ਕਿ ਆਟੋਮੈਟਿਕ ਰਾਈਫ਼ਲ ਰੱਖਣਾ ਇੱਕ ਜੁਰਮ ਹੈ। ਏ.ਕੇ. 47 ਵਰਗੀਆਂ ਬੰਦੂਕਾਂ ਸਿਰਫ਼ ਚੋਣਵੇਂ ਸੁਰੱਖਿਆ ਬਲਾਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ।