ਜਲੰਧਰ: ਇੱਥੋਂ ਦੇ ਕਸਬਾ ਮਹਿਤਪੁਰ ਦੀ ਖੁਰਮਪੁਰ ਕਾਲੋਨੀ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਮ੍ਹਣੇ ਆਇਆ ਹੈ। ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਣ ਕਾਰਨ ਹੋਏ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਪਰਿਵਾਰ ਨੂੰ ਡੀਜ਼ਲ ਪਾ ਕੇ ਸਾੜ ਦਿੱਤਾ। ਸੜਨ ਨਾਲ ਦੋ ਕੁੜੀਆਂ ਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਪਰਿਵਾਰ ਦੇ ਚਾਰ ਜੀਅ ਹਸਪਤਾਲ 'ਚ ਦਾਖ਼ਲ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਹਿਤਪੁਰ ਥਾਣਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਥੋਂ ਦੀ ਖੁਰਮਪੁਰ ਕਾਲੋਨੀ 'ਚ ਨਸੀਬ ਨਾਂ ਦੇ ਵਿਅਕਤੀ ਦੀ ਔਰਤ ਨੂੰ ਉਸ ਦਾ ਗੁਆਂਢੀ ਹਰੀਪਾਲ ਲੈ ਗਿਆ ਸੀ। ਫਿਰ ਸਮਝੌਤੇ ਤੋਂ ਬਾਅਦ ਉਹ ਵਾਪਸ ਆ ਗਈ। ਤਿੰਨ ਦਿਨ ਪਹਿਲਾਂ ਇਸੇ ਗੱਲ ਕਾਰਨ ਝਗੜਾ ਹੋਇਆ ਸੀ। ਇਸ ਤੋਂ ਬਾਅਦ ਹਰੀਪਾਲ ਨੇ ਸਾਰੇ ਪਰਿਵਾਰ ਨੂੰ ਅੱਗ ਲਾ ਕੇ ਸਾੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਸਾਰਾ ਪਰਿਵਾਰ ਸੁੱਤਾ ਪਿਆ ਸੀ। ਹਰੀਪਾਲ ਨੇ ਦੇਰ ਰਾਤ ਨਸੀਬ ਦੇ ਪਰਿਵਾਰ 'ਤੇ ਤੇਸ ਛਿੜਕ ਕੇ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਨਸੀਬ ਦੀ ਪਤਨੀ ਸੋਨੀਆ, ਉਨ੍ਹਾਂ ਦੀਆਂ ਧੀਆਂ ਰਹਿਮਤ, ਸਾਨੀਆ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਨਸੀਬ ਤੇ ਉਸ ਦੀਆਂ ਤਿੰਨ ਹੋਰ ਧੀਆਂ ਵੀ ਹਸਪਤਾਲ 'ਚ ਗੰਭੀਰ ਹਾਲਤ ਵਿਚ ਜ਼ਖ਼ਮੀ ਹਨ।