ਸਿਰਸਾ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਤੋਂ ਝਿੜਕਾਂ ਖਾ ਕੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਹਰਿਆਣਾ ਵਿਚਲੇ ਸਾਰੇ ਡੇਰਿਆਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਗੁਰਮੀਤ ਰਾਮ ਰਹੀਮ ਦੇ ਹੈੱਡਕੁਆਟਰ ਨੂੰ ਪਹਿਲਾਂ ਤੋਂ ਹੀ ਫੌਜ ਤੇ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ ਤੇ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੇਰਾ ਸੱਚਾ ਸੌਦਾ ਦੇ ਕੁੱਲ 36 ਡੇਰਿਆਂ ਵਿਰੁੱਧ ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚਲੀਆਂ ਡੇਰੇ ਦੀਆਂ ਜਾਇਦਾਦਾਂ ਨੂੰ ਵੀ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਅਦਾਲਤ ਨੇ ਵੀ ਡੇਰੇ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੀਆਂ ਸਾਰੀਆਂ ਜਾਇਦਾਦਾਂ ਦਾ ਖੁਲਾਸਾ ਕਰੇ। ਅਦਾਲਤ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਹੁਣ ਡੇਰਾ ਆਪਣੀਆਂ ਜਾਇਦਾਦਾਂ ਨੂੰ ਕਿਤੇ ਤਬਦੀਲ, ਵੇਚ ਜਾਂ ਕਿਸੇ ਹੋਰ ਤਰੀਕੇ ਨਾਲ ਸੌਦੇਬਾਜ਼ੀ ਨਹੀਂ ਕਰ ਸਕਦਾ।

ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਸਮਰਥਕ ਸ਼ਰ੍ਹੇਆਮ ਗੁੰਡਾਗਰਦੀ 'ਤੇ ਉੱਤਰ ਆਏ। ਉਨ੍ਹਾਂ ਥੋੜ੍ਹੇ ਹੀ ਸਮੇਂ ਵਿੱਚ ਪੰਚਕੂਲਾ ਦੀਆਂ ਸੜਕਾਂ 'ਤੇ ਅਨੇਕਾਂ ਹੀ ਵਾਹਨਾਂ ਤੇ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਸਿੱਧੇ ਤੌਰ 'ਤੇ ਮੀਡੀਆ ਕਰਮੀਆਂ ਨੂੰ ਕੁੱਟਿਆ-ਮਾਰਿਆ ਤੇ ਉਨ੍ਹਾਂ ਦੀਆਂ ਓ.ਬੀ. ਵੈਨਜ਼ ਸਾੜੀਆਂ ਗਈਆਂ।