ਚੰਡੀਗੜ੍ਹ: ਹਾਈਕੋਰਟ ਨੇ ਅਕਾਲੀ ਦਲ ਨੂੰ ਫ਼ਰੀਦਕੋਟ ਵਿੱਚ 16 ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਦੀ ਇਜਾਜ਼ਤ ਦੇ ਦਿੱਤੀ ਹੈ। ਰੈਲੀ ਦੀ ਮਨਜ਼ੂਰੀ ਦੇ ਨਾਲ-ਨਾਲ ਅਦਾਲਤ ਨੇ ਸਰਕਾਰ ਨੂੰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ।

ਇਸਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ’ਤ ਇਹ ਕਹਿ ਕੇ ਰੋਕ ਲਾ ਦਿੱਤੀ ਸੀ ਕਿ ਫ਼ਰੀਦਕੋਟ ਦੀ ਇਸ ਰੈਲੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ ਤੇ ਟਕਰਾਅ ਤੇ ਹਿੰਸਾ ਹੋਣ ਦੇ ਕਾਫੀ ਆਸਾਰ ਹਨ। ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਮਿਲਣ ਪਿੱਛੋਂ ਅਕਾਲੀ ਦਲ ਨੇ ਅਦਾਲਤ ਦਾ ਰੁਖ਼ ਅਖ਼ਤਿਆਰ ਕੀਤਾ ਸੀ। ਜਿਸ ’ਤੇ ਅੱਜ ਸੁਣਵਾਈ ਪਿੱਛੋਂ ਫੈਸਲਾ ਕਾਲੀ ਦਲ ਦੇ ਹੱਕ ਵਿੱਚ ਆਇਆ।

ਦਰਅਸਲ, ਅਕਾਲੀ ਦਲ ਨੇ ਬੇਅਦਬੀ ਤੇ ਗੋਲ਼ੀਕਾਂਡਾਂ 'ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ ਕੀਤਾ ਸੀ। ਪਹਿਲਾਂ ਇਹ ਰੈਲੀ ਬਰਗਾੜੀ ਵਿੱਚ ਹੀ ਕੀਤੀ ਜਾਣੀ ਸੀ। ਬਰਗਾੜੀ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪਹਿਲਾਂ ਹੀ ਮੋਰਚਾ ਲੱਗਾ ਹੋਇਆ ਹੈ।

ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਾਰੀਖ਼ ਦੀ ਰੈਲੀ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਾਰੀਖ਼ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਮੋਰਚੇ ਤੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫ਼ਤ ਹੁੰਦੀ ਆਈ ਹੈ। ਇਸ ਤੋਂ ਬਾਅਦ ਕੱਲ੍ਹ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਸੀ।