ਚੰਡੀਗੜ੍ਹ: 2015 ਵਿੱਚ ਵਾਪਰੇ ਬੇਅਦਬੀ ਕਾਂਡ ਮਾਮਲੇ ਸਬੰਧੀ ਸੀਬੀਆਈ ਜਾਂਚ ਬਾਅਦ ਮੁਹਾਲੀ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਹਾਲੀ ਕੋਰਟ ਨੇ ਮਹਿੰਦਰਪਾਲ ਸਿੰਘ ਉਰਫ ਬਿੱਟੂ (ਕੋਟਕਪੂਰਾ), ਸ਼ਕਤੀ ਸਿੰਘ (ਰੋਮਾਣਾ, ਫਰੀਦਕੋਟ) ਤੇ ਸੁਰਿੰਦਰ ਸਿੰਘ ਨੂੰ ਜ਼ਮਾਨਤ ਦਿੱਤੀ ਹੈ। ਉਕਤ ਤਿੰਨੇ ਮੁਲਜ਼ਮ ਮੋਗਾ ਦੀ ਜੇਲ੍ਹ ਵਿੱਚ ਕਿਸੇ ਹੋਰ ਮਾਮਲੇ ਦੌਰਾਨ ਬੰਦ ਸੀ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਨੇ ਤਿੰਨਾਂ ਨੂੰ ਜੁਲਾਈ ਮਹੀਨੇ ਪ੍ਰੋਡਕਸ਼ਨ ਵਾਰੰਟ ਤੇ ਹਿਰਾਸਤ ’ਚ ਲਿਆ ਸੀ।

ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਪਿੰਡ ਜਵਾਹਰ ਬੁਰਜ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਤੇ ਇਸਦੇ ਤਕਰੀਬਨ ਚਾਰ ਮਹੀਨੇ ਬਾਅਦ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ।

ਪੰਜਾਬ ਪੁਲਿਸ ਨੇ ਘਟਨਾ ਬਾਅਦ ਮਾਮਲਾ ਦਰਜ ਕਰ ਲਿਆ, ਪਰ ਉਸੇ ਸਾਲ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਸੀਬੀਆਈ ਦੀ ਜਾਂਚ ਦੌਰਾਨ ਉਕਤ ਤਿੰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਹਾਲਾਂਕਿ ਸੀਬੀਆਈ ਨੇ ਅਦਾਲਤ ਵਿੱਚ ਹੁਣ ਤਕ ਬੇਅਦਬੀ ਦੇ ਮਾਮਲਿਆਂ ਸਬੰਧੀ ਚਾਰਜਸ਼ੀਟ ਦਾਇਰ ਨਹੀਂ ਕੀਤੀ ਜਿਸ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।