ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਉਮੀਦਵਾਰ ਐਲਾਨਣ ਦੇ ਕੰਮ ਵਿੱਚ ਤੇਜ਼ੀ ਲਿਆ ਦਿੱਤੀ ਹੈ। ਬੇਸ਼ੱਕ ਕਾਂਗਰਸ ਦੀ ਸੂਚੀ ਆਉਣ ਵਿੱਚ ਅਜੇ ਮਹੀਨਾ ਲੱਗ ਸਕਦਾ ਹੈ ਪਰ ਅਕਾਲੀ ਦਲ ਜਲਦ ਹੀ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ।

 

 

ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਹੋ ਗਈ ਹੈ। ਇਸ ਸੂਚੀ ਵਿੱਚ 35 ਤੋਂ ਵਧ ਉਮੀਦਵਾਰ ਦੇ ਨਾਂ ਤੈਅ ਕੀਤੇ ਗਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੋਹਰ ਲੱਗਣ ਤੋਂ ਬਾਅਦ ਜਲਦ ਹੀ ਸੂਚੀ ਜਾਰੀ ਕਰ ਦਿੱਤੀ ਜਾਏਗੀ।

 

 

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ ਨਾਂ ਤਾਂ ਆਮ ਆਦਮੀ ਪਾਰਟੀ ਨਾਲ ਹੈ ਤੇ ਨਾਂ ਹੀ ਕਾਂਗਰਸ ਦੇ ਨਾਲ ਹੈ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਕੋਈ ਪੰਥਕ ਰਾਜਨੀਤੀ ਨਹੀਂ ਕਰ ਰਿਹਾ। ਉਨ੍ਹਾਂ ਨੇ ਪੰਜਾਬ ਦੀਆਂ ਅਗਲੀਆਂ ਚੋਣਾਂ ਵਿਕਾਸ ਦੇ ਨਾਂ 'ਤੇ ਜਿੱਤਣ ਦਾ ਢੀਂਡਸਾ ਨੇ ਦਾਅਵਾ ਕੀਤਾ ਹੈ।