ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਨਿੱਤ ਨਵੇਂ ਤਮਾਸ਼ੇ ਹੋ ਰਹੇ ਹਨ। ਅੱਜ ਵੀ ਅਕਾਲੀ ਦਲ ਨੇ ਕਾਂਗਰਸ ਨੂੰ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ ਬਦਲੇ ਸ਼ਰਮਿੰਦਗੀ ਦਾ ਅਹਿਸਾਸ ਕਰਵਾਉਣ ਲਈ ਸਦਨ ਦੇ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਨੇ ਬਜਟ ਇਜਲਾਸ ਵਿੱਚ ਸ਼ਾਮਲ ਹੋਣ ਆਏ ਕਾਂਗਰਸੀ ਵਿਧਾਇਕਾਂ ਨੂੰ ਖਿਡੌਣਾ ਸਮਾਰਟਫ਼ੋਨ ਵੰਡੇ। ਅਕਾਲੀ ਕੈਪਟਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਲਈ ਮੁਫ਼ਤ ਸਮਾਰਟਫ਼ੋਨ ਦੇਣ ਵਾਲਾ ਕੀਤਾ ਵਾਅਦਾ ਯਾਦ ਦਿਵਾਉਣ ਲਈ ਇਹ ਪ੍ਰਦਰਸ਼ਨ ਕਰ ਰਹੇ ਸਨ।
ਇਸ ਤੋਂ ਪਹਿਲਾਂ ਅਕਾਲੀ ਦਲ ਪਟਿਆਲਾ ਵਿੱਚ ਵੀ ਕੈਪਟਨ ਸਰਕਾਰ ਵੱਲੋਂ ਇਸ ਵਾਅਦੇ ਦੀ ਪੂਰਤੀ ਨਾ ਕਰਨ 'ਤੇ ਅਜਿਹਾ ਹੀ ਪ੍ਰਦਰਸ਼ਨ ਕਰ ਚੁੱਕਾ ਹੈ। ਇਹ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਤਮਾਸ਼ੇ ਹਨ ਅਤੇ ਸਦਨ ਦੇ ਅੰਦਰ ਵੀ ਖ਼ੂਬ ਹੰਗਾਮੇ ਹੋਣ ਦੀ ਆਸ ਹੈ ਕਿਉਂਕਿ ਅਧਿਆਪਕਾਂ 'ਤੇ ਲਾਠੀਚਾਰਜ ਤੇ ਲੁਧਿਆਣਾ ਗੈਂਗਰੇਪ ਦੇ ਮਾਮਲੇ 'ਤੇ ਵਿਰੋਧੀ ਕੈਪਟਨ ਸਰਕਾਰ ਨੂੰ ਖ਼ੂਬ ਘੇਰ ਰਹੇ ਹਨ।