ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀ 16 ਸਤੰਬਰ ਨੂੰ ਫ਼ਰੀਦਕੋਟ ਦੀ 'ਪੋਲ-ਖੋਲ੍ਹ' ਰੈਲੀ 'ਤੇ ਰੋਕ ਲੱਗਣ ਮਗਰੋਂ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਅਕਾਲੀ ਦਲ ਦੀ ਰੈਲੀ ਦੇ ਮਸਲੇ 'ਤੇ ਭਲਕੇ ਸਵੇਰੇ 10 ਵਜੇ ਸੁਣਵਾਈ ਕਰੇਗੀ।
ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਰੈਲੀ ਦੀ ਇਜਾਜ਼ਤ ਰੱਦ ਕਰਨ ਨੂੰ ਪੰਜਾਬ 'ਚ ਲੱਗੀ ਐਮਰਜੈਂਸੀ ਨਾਲ ਤੁਲਨਾ ਕੀਤੀ। ਚੀਮਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਰੈਲੀ ਰੱਦ ਕਰਵਾਉਣਾ ਸਰਕਾਰ ਦੀ ਨਾਲਾਇਕੀ ਹੈ।
ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਅਬੋਹਰ ਵਾਲੀ ਰੈਲੀ ਨੇ ਕਾਂਗਰਸ ਨੂੰ ਕਰਾਰਾ ਜਵਾਬ ਦਿੱਤਾ ਸੀ, ਜਿਸ ਤੋਂ ਕਾਂਗਰਸ ਡਰ ਗਈ ਹੈ। ਹੁਣ ਸ਼ਨੀਵਾਰ ਸਵੇਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰੈਲੀ ਦੀ ਇਜਾਜ਼ਤ 'ਤੇ ਸੁਣਵਾਈ ਹੋਵੇਗੀ।
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸੁਖਬੀਰ ਬਾਦਲ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਖ਼ਤਰਬੰਦ ਗੱਡੀਆਂ ਦੇਣ ਤੋਂ ਮਨ੍ਹਾ ਕਰਨ 'ਤੇ ਦਲਜੀਤ ਚੀਮਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਗਰਮ ਖ਼ਿਆਲੀ ਅਕਾਲੀ ਦਲ ਦੇ ਖਿਲਾਫ ਖੜ੍ਹੇ ਹਨ ਤੇ ਦੂਜੇ ਪਾਸੇ ਸੁਰੱਖਿਆ ਦੇਣ ਤੋਂ ਵੀ ਮਨ੍ਹਾ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਨੇ ਕਿਹਾ ਜੇਕਰ ਬਾਦਲ ਪਰਿਵਾਰ ਅਮੀਰ ਹੈ ਤਾਂ ਨਹਿਰੂ ਪਰਿਵਾਰ ਕੋਈ ਗ਼ਰੀਬ ਨਹੀਂ ਸੀ, ਜਿਸ ਨੂੰ ਭਾਰਤ ਦੀ ਸਰਕਾਰ ਨੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਸਨ।