ਹਰਿਆਣਾ ਮਗਰੋਂ ਅਕਾਲੀ ਦਲ ਦਾ ਯੂਪੀ ਵੱਲ ਰੁਖ਼, ਕਾਂਗਰਸ ਨੇ ਕਿਹਾ ਡਰ ਕੇ ਭੱਜ ਰਹੇ

ਚੰਡੀਗੜ੍ਹ: ਅਕਾਲੀ ਦਲ ਨੇ ਪੰਜਾਬ ਤੋਂ ਬਾਹਰ ਪੈਰ ਪਸਾਰਨ ਦੀ ਰਣਨੀਤੀ ਤਹਿਤ ਹਰਿਆਣਾ ਤੋਂ ਬਾਅਦ ਯੂਪੀ ਵੱਲ ਕਦਮ ਵਧਾਏ ਹਨ। ਹਰਿਆਣਾ ਤੋਂ ਬਾਅਦ ਹੁਣ ਅਕਾਲੀ ਦਲ 21 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਸੰਮੇਲਨ ਕਰੇਗਾ। ਇਸ ਕਾਨਫਰੰਸ 'ਚ ਅਕਾਲੀ ਦੇ ਤਮਾਮ ਵੱਡੇ ਨੇਤਾ ਮੌਜੂਦ ਰਹਿਣਗੇ।
ਇਹ ਫੈਸਲਾ ਅੱਜ ਦਿੱਲੀ 'ਚ ਹੋਈ ਬੈਠਕ 'ਚ ਲਿਆ ਗਿਆ। ਬੈਠਕ ਦੀ ਅਗਵਾਈ ਸੁਖਬੀਰ ਬਾਦਲ ਨੇ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਬਲਵਿੰਦਰ ਸਿੰਘ ਭੂੰਦੜ ਵੀ ਸ਼ਾਮਲ ਸਨ। ਇਸ ਬੈਠਕ 'ਚ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਅਕਾਲੀ ਲੀਡਰ ਮੌਜੂਦ ਰਹੇ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ 'ਚ ਜੋਸ਼ ਹੈ ਤੇ ਉਹ ਚਾਹੁੰਦੇ ਹਨ ਕਿ ਅਕਾਲੀ ਦਲ ਯੂਪੀ 'ਚ ਕਮਾਨ ਸੰਭਾਲੇ। ਅਕਾਲੀ ਦਲ ਦੀ ਇਸ ਬੈਠਕ ਤੋਂ ਜ਼ਾਹਰ ਹੈ ਕਿ ਅਕਾਲੀ ਦਲ ਆਪਣੇ ਪੈਰ ਦੂਜੇ ਸੂਬਿਆਂ 'ਚ ਵੀ ਪਸਾਰਨ ਲੱਗਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪੰਜਾਬ ਤੋਂ ਬਾਹਰ ਚੋਣਾਂ ਲੜਨ ਦੇ ਫੈਸਲੇ 'ਤੇ ਤਨਜ਼ ਕੱਸਿਆ ਹੈ। ਸਿੱਧੂ ਨੇ ਕਿਹਾ ਕਿ ਅਕਾਲੀਆਂ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ ਹੈ, ਜਿਸ ਤੋਂ ਡਰਦੇ ਉਹ ਪੰਜਾਬ ਛੱਡ ਕੇ ਭੱਜ ਗਏ ਹਨ।
ਉਨ੍ਹਾਂ ਕਿਹਾ ਕਿ ਯੂਪੀ ਵਿੱਚ ਵੱਸਦੇ ਸਿੱਖ ਸਿਆਣੇ ਹਨ ਤੇ ਉਨ੍ਹਾਂ ਨੇ ਵਿਧਾਨ ਸਭਾ ਦਾ ਸਾਰਾ ਸੈਸ਼ਨ ਲਾਈਵ ਦੇਖਿਆ ਹੈ। ਇਸ ਤੋਂ ਬਾਅਦ ਉਹ ਅਕਾਲੀ ਦਲ ਦਾ ਸਮਰਥਨ ਨਹੀਂ ਕਰਨਗੇ। ਕੈਬਨਿਟ ਮੰਤਰੀ ਨੇ ਕਿਹਾ ਪੰਜਾਬ ਦੇ ਲੋਕਾਂ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਅਕਾਲੀ ਦਲ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਉਨ੍ਹਾਂ ਦੇ ਪੰਜਾਬ ਤੋਂ ਭੱਜਣ ਦਾ ਵੱਡਾ ਕਾਰਨ ਬਣ ਰਿਹਾ ਹੈ।




















