ਅਕਾਲੀ ਦਲ ਨੇ ਲਿਆ ਸੁਖਪਾਲ ਖਹਿਰਾ ਨੂੰ ਨਿਸ਼ਾਨੇ 'ਤੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਖਹਿਰਾ ਨੂੰ ਨਿਸ਼ਾਨੇ 'ਤੇ ਲਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਖਹਿਰਾ ਨੇ ਸਿਆਸਤ 'ਚ ਆਪਣੀ ਹੋਂਦ ਬਚਾਈ ਰੱਖਣ ਲਈ 1984, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਉੱਤੇ ਮੌਕਾਪ੍ਰਸਤ ਰਾਜਨੀਤੀ ਕੀਤੀ ਹੈ।
ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭ੍ਰਿਸ਼ਟਾਚਾਰ ਦੀ ਪੈਦਾਇਸ਼ ਵਿਅਕਤੀ ਆਪਣੀ ਹੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਹੁਣ ਸਿਧਾਂਤਾਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ ਲੜਾਈ ਦੀ ਗੱਲ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਖਹਿਰਾ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਵਿਚ ਲੋਕਾਂ ਨੂੰ ਮੂਰਖ ਬਣਾਉਣ ਲਈ ਨਾਟਕ ਕੀਤਾ ਹੈ। ਗਰੇਵਾਲ ਨੇ ਖਹਿਰਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ 1984 ਵਿਚ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਮਗਰੋਂ ਵੀ ਉਹ ਕਾਂਗਰਸ ਪਾਰਟੀ ਵਿਚ ਕਿਉਂ ਟਿਕਿਆ ਰਿਹਾ। ਜਦਕਿ ਹੁਣ 'ਰਾਇਸ਼ੁਮਾਰੀ 2020' ਵਰਗੀ ਵੱਖਵਾਦੀ ਮੁਹਿੰਮ ਜੋ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨ ਦੀ ਮੰਗ ਕਰਦੀ ਹੈ, ਦਾ ਸਮਰਥਨ ਕਰਦਿਆਂ 1984 ਦੀ ਯਾਦ ਆ ਗਈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਖਹਿਰਾ ਨੂੰ ਕੌਮਾਂਤਰੀ ਨਸ਼ਾ ਤਸਕਰੀ ਦੇ ਕੇਸ ਵਿਚ ਅਦਾਲਤ ਵੱਲੋਂ ਬਤੌਰ ਦੋਸ਼ੀ ਤਲਬ ਵੀ ਕੀਤਾ ਗਿਆ ਸੀ ਜਦਕਿ ਆਪਣੇ ਵਤੀਰੇ ਬਾਰੇ ਸਪੱਸ਼ਟੀਕਰਨ ਦੇਣ ਦੀ ਥਾਂ ਖਹਿਰਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਸੀ।
ਗਰੇਵਾਲ ਨੇ ਕਿਹਾ ਕਿ ਖਹਿਰਾ ਜਿਹੜਾ ਹੁਣ ਆਪ ਕਨਵੀਨਰ ਕੇਜਰੀਵਾਲ ਦੇ ਫੈਸਲਿਆਂ ਵਿਰੁੱਧ ਬੋਲ ਰਿਹਾ ਹੈ, ਪਹਿਲਾਂ ਉਸ ਦੇ ਕੰਮ ਕਰਨ ਦੇ ਢੰਗ ਦੀ ਸਿਫ਼ਤ ਕਰਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਖਹਿਰਾ ਦੀ ਜ਼ਮੀਰ ਨੂੰ ਉਸ ਸਮੇ ਕੋਈ ਸੱਟ ਨਹੀਂ ਸੀ ਵੱਜੀ ਜਦੋਂ ਅਰਵਿੰਦ ਕੇਜਰੀਵਾਲ ਨੇ ਅਜਨਾਲਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਐਸਵਾਈਐਲ ਦੇ ਮੁੱਦੇ ਉੱਤੇ ਬੋਲਦਿਆਂ ਐਲਾਨ ਕੀਤਾ ਸੀ ਕਿ ਦਿੱਲੀ ਅਤੇ ਹਰਿਆਣਾ ਸਮੇਤ ਸਾਰਿਆਂ ਦਾ ਪੰਜਾਬ ਦੇ ਪਾਣੀਆਂ ਉੱਤੇ ਬਰਾਬਰ ਦਾ ਹੱਕ ਹੈ।




















