Corona Guidelines in Punjab: ਕੋਰੋਨਾ ਦਾ ਕਹਿਰ! ਕੈਪਟਨ ਵੱਲੋਂ ਪੰਜਾਬ 'ਚ ਮੁੜ ਤੋਂ ਸਖਤੀ ਦਾ ਹੁਕਮ
ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ।
ਚੰਡੀਗੜ੍ਹ: ਸੂਬੇ ਵਿੱਚ ਯੂਕੇ ਵਾਇਰਸ ਦੇ ਜ਼ਿਆਦਾ ਪਾਏ ਜਾਣ ਦੇ ਨਾਲ ਕੋਵਿਡ ਕੇਸਾਂ ਤੇ ਮੌਤਾਂ ਦੀ ਨਿਰੰਤਰ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਲਾਈਆਂ ਬੰਦਿਸ਼ਾਂ ਨੂੰ ਅੱਗੇ 10 ਅਪਰੈਲ ਤੱਕ ਵਧਾਉਣ ਦੇ ਹੁਕਮ ਕੀਤੇ ਗਏ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਆਧਾਰ 'ਤੇ ਨਿਸ਼ਾਨਾ ਬਣਾਉਣ ਲਈ ਟੀਕਾਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ। ਮੁੱਖ ਸਕੱਤਰ ਤੇ ਹੋਰ ਉਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਬੰਦਿਸ਼ਾਂ 31 ਮਾਰਚ ਤੱਕ ਲਈਆਂ ਸਨ, ਉਨ੍ਹਾਂ ਸਾਰੀਆਂ ਨੂੰ 10 ਅਪਰੈਲ ਤੱਕ ਵਧਾ ਦਿੱਤਾ ਜਾਵੇ। ਇਸ ਤੋਂ ਬਾਅਦ ਉਹ ਫੇਰ ਇਸ ਦੀ ਸਮੀਖਿਆ ਕਰਨਗੇ।
ਨਾਭਾ ਓਪਨ ਜੇਲ੍ਹ ਵਿੱਚ 40 ਔਰਤਾਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿੱਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਕੀਤੇ। ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ। ਉਨ੍ਹਾਂ ਸਾਰੇ ਡੀ.ਸੀਜ਼ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ ਜਿਵੇਂ ਪੁਲਿਸ ਲਾਈਨਜ਼, ਕਾਲਜ ਤੇ ਯੂਨੀਵਰਸਿਟੀਆਂ, ਵੱਡੇ ਉਦਯੋਗਿਕ ਯੂਨਿਟ, ਬੱਸ ਅੱਡੇ, ਰੇਲਵੇ ਸਟੇਸ਼ਨ, ਪੀ.ਆਰ.ਟੀ.ਸੀ./ਪੰਜਾਬ ਰੋਡਵੇਜ਼ ਬੱਸ ਡਿਪੂ, ਬਾਜ਼ਾਰ ਆਦਿ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਤੇ ਹੋਰ ਵਰਗਾਂ ਜਿਵੇਂ ਕਿ ਜੱਜਾਂ, ਅਧਿਆਪਕਾਂ ਆਦਿ ਜਿਨ੍ਹਾਂ ਨੂੰ ਟੀਕਾਕਰਨ ਲਈ ਕਵਰ ਕਰਨ ਦੀ ਬੇਨਤੀ ਕੀਤੀ ਸੀ, ਨੂੰ 45 ਵਰ੍ਹਿਆਂ ਦੀ ਉਮਰ ਹੱਦ ਪਾਰ ਕਰਨ ਕਰ ਕੇ ਟੀਕਾਕਰਨ ਦੀ ਸਹੂਲਤ ਦੇਣ ਲਈ ਕਿਹਾ। ਉਨ੍ਹਾਂ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਮੌਜੂਦ ਵਸੀਲੇ ਇਕੱਠੇ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਇਸ ਮਹਾਂਮਾਰੀ ਦੀ ਰੋਕਥਾਮ ਕਰਨ ਲਈ ਟੀਕਾਕਰਨ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਖਾਸ ਤੌਰ 'ਤੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਵਾਇਰਸ ਦਾ ਯੂ.ਕੇ. ਸਟਰੇਨ ਸੂਬੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾ ਰਿਹਾ ਹੈ। ਵਾਇਰਸ ਦੇ ਪੱਧਰ ਦਾ ਪਤਾ ਲਗਾਉਣ ਲਈ ਸ਼ੁਰੂਆਤ ਵਿੱਚ ਐਨ.ਸੀ.ਡੀ.ਸੀ. ਨੂੰ ਭੇਜੇ 401 ਕੋਵਿਡ ਪਾਜ਼ੇਟਿਵ ਸੈਂਪਲਾਂ ਵਿੱਚੋਂ 326 ਕੇਸ ਯੂਕੇ ਵਾਇਰਸ ਦੇ ਪਾਏ ਗਏ। ਬਾਅਦ ਵਿੱਚ ਆਈ.ਜੀ.ਆਈ.ਬੀ. ਨੂੰ ਭੇਜੇ 95 ਸੈਂਪਲਾਂ ਵਿੱਚੋਂ 85 ਸੈਂਪਲ ਯੂ.ਕੇ. ਸਟਰੇਨ ਦੇ ਪਾਏ ਗਏ।
ਇਹ ਵੀ ਪੜ੍ਹੋ: ਕੈਪਟਨ ਦਾ ਪੁਤਲਾ ਫੂਕਣ ਦੇ ਪ੍ਰੋਗ੍ਰਾਮ 'ਚ ਪਹੁੰਚੇ ਕਿਸਾਨ, ਚੌਟਾਲਾ ਬੋਲੇ, 'ਕਿਸਾਨ ਨਹੀਂ, ਰਾਜਨੀਤਕ ਏਜੰਟ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904