ਪਟਿਆਲਾ: ਅੱਜ ਪਟਿਆਲਾ ਪੁਲਿਸ ਵੱਲੋਂ ਪੰਜਾਬ ਦੇ ਉੱਘੇ ਗਾਇਕਾਂ ਤੇ ਸ਼ਹਿਰ ਦੇ ਸਾਰੇ ਡੀਜੇ ਮਾਲਕਾਂ ਨਾਲ ਬੈਠਕ ਕਰਕੇ ਗੈਂਗਸਟਰ ਤੇ ਹਥਿਆਰਾਂ ਸਬੰਧੀ ਗੀਤਾਂ ਨੂੰ ਉਤਸ਼ਾਹਤ ਨਾ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਐਮੀ ਵਿਰਕ ਤੇ ਪੰਮੀ ਬਾਈ ਵਰਗੇ ਵੱਡੇ ਕਲਾਕਾਰ ਸ਼ਾਮਲ ਹੋਏ। ਐਮੀ ਨੇ ਕਿਹਾ ਕਿ ਉਹ ਆਪਣੇ ਕਿਸੇ ਪ੍ਰੋਗਰਾਮ ਵਿੱਚ ਅਜਿਹੇ ਗੀਤ ਨਹੀਂ ਗਾਉਣਗੇ ਪਰ ਹਾਲੇ ਅਜਿਹੇ ਗੀਤ ਚੱਲ ਰਹੇ ਹਨ, ਉਹ ਸੁਣਨੇ ਵੀ ਮਜਬੂਰੀ ਹੈ। ਉਨ੍ਹਾਂ ਆਸ ਕੀਤੀ ਕਿ ਸਮੇਂ ਦੇ ਨਾਲ-ਨਾਲ ਸਭ ਬਦਲ ਜਾਵੇਗਾ।
ਪਟਿਆਲਾ ਸੀਨੀਅਰ ਪੁਲਿਸ ਕਪਤਾਨ ਐਸ ਭੂਪਤੀ ਤੇ ਪੁਲਿਸ ਕਪਤਾਨ (ਤਫਤੀਸ਼) ਹਰਵਿੰਦਰ ਸਿੰਘ ਵਿਰਕ ਨੇ ਗੈਂਗਸਟਰਾਂ ਤੇ ਹਥਿਆਰਾਂ ਵਾਲੇ ਗੀਤਾਂ ਦੇ ਨਵੀਂ ਪੀੜ੍ਹੀ 'ਤੇ ਪੈਂਦੇ ਗ਼ਲਤ ਪ੍ਰਭਾਵ ਬਾਰੇ ਕਲਾਕਾਰਾਂ ਤੋਂ ਸਹਿਯੋਗ ਮੰਗਿਆ।
ਗਾਇਕ ਪੰਮੀ ਬਾਈ ਨੇ ਵੀ ਗੀਤਾਂ ਵਿੱਚ ਹਥਿਆਰਾਂ ਦੇ ਰੁਝਾਨ ਦੀ ਨਿਖੇਧੀ ਕੀਤੀ। ਉਨ੍ਹਾਂ ਮਰਹੂਮ ਪਿਆਰੇ ਲਾਲ ਵਡਾਲੀ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਦੀ ਮੌਤ ਨੂੰ ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ।