Amritpal Singh: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਚਾਰਜਸ਼ੀਟ 'ਚ ਹੈਰਾਨੀਜਨਕ ਖੁਲਾਸੇ!
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਪੁਲਿਸ ਨੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਵੱਲੋਂ ਇਹ ਚਾਰਜਸ਼ੀਟ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਹੈ।...

MP Amritpal Singh: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਪੁਲਿਸ ਨੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਵੱਲੋਂ ਇਹ ਚਾਰਜਸ਼ੀਟ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਹਥਿਆਰਬੰਦ ਫੌਜ ਬਣਾ ਰਿਹਾ ਸੀ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਝੂਠੀ ਚਾਰਜਸ਼ੀਟ ਚਾਇਰ ਕੀਤੀ ਹੈ। ਇਸ ਵਿੱਚ ਕੋਈ ਸੱਚਾਈ ਨਹੀਂ।
ਦਰਅਸਲ 23 ਫਰਵਰੀ, 2023 ਨੂੰ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਾਇਰ ਕੀਤੀ ਗਈ 1200 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ 'ਅਨੰਦਪੁਰ ਖਾਲਸਾ ਫੋਰਸ' ਬਣਾਈ ਸੀ। ਇਸ ਫੌਜ ਨੂੰ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਲਵਪ੍ਰੀਤ ਸਿੰਘ ਤੂਫਾਨ ਨੂੰ ਸੌਂਪੀ ਗਈ ਸੀ। ਉਹ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਜੱਲੂਪੁਰਾ ਟਾਵਰ ਨੇੜੇ ਨਹਿਰ ਦੇ ਕੰਢੇ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੰਦਾ ਸੀ ਤੇ ਏਕੇਐਫ ਦੀਆਂ ਜੈਕਟਾਂ ਵੀ ਪਹਿਣਾਈਆਂ ਜਾਂਦੀਆਂ ਸਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ 15,000 ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਆਪਣੇ ਨਾਲ ਜੋੜਿਆ ਸੀ। ਤੂਫਾਨ ਕੋਲ ਇੱਕ ਆਲ ਇੰਡੀਆ ਲਾਇਸੈਂਸਸ਼ੁਦਾ ਹਥਿਆਰ ਸੀ ਤੇ ਉਹ ਪਹਿਲਾਂ ਰਾਜਸਥਾਨ ਤੇ ਬੈਂਗਲੁਰੂ ਵਿੱਚ ਪੀਐਸਓ ਵਜੋਂ ਕੰਮ ਕਰ ਚੁੱਕਾ ਸੀ। ਚਾਰਜਸ਼ੀਟ ਅਨੁਸਾਰ 23 ਫਰਵਰੀ, 2023 ਨੂੰ ਜਦੋਂ ਅੰਮ੍ਰਿਤਪਾਲ ਸਿੰਘ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਉਣ ਲਈ ਅਜਨਾਲਾ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਉਨ੍ਹਾਂ ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਪੁਲਿਸ 'ਤੇ ਹਮਲਾ ਕਰਨ ਦਾ ਸੰਕੇਤ ਦਿੱਤਾ। ਸਾਰੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਵਿੱਚ ਪੱਪਲਪ੍ਰੀਤ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਪੱਪਲਪ੍ਰੀਤ ਸੋਸ਼ਲ ਮੀਡੀਆ ਅਕਾਊਂਟ ਵੀ ਸੰਭਾਲਦਾ ਸੀ ਤੇ ਸਿੱਖ ਭਾਈਚਾਰੇ ਦੇ ਹਿੱਤ ਵਿੱਚ ਕੰਮ ਕਰਨ ਬਾਰੇ ਸੋਚ ਕੇ ਜੁੜਿਆ ਸੀ। ਉਧਰ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਝੂਠੀ ਚਾਰਜਸ਼ੀਟ ਚਾਇਰ ਕੀਤੀ ਹੈ। ਇਸ ਲਈ ਹੀ ਪੁਲਿਸ ਮੁਲਾਕਾਤ ਵੀ ਨਹੀਂ ਕਰਨ ਦੇ ਰਹੀ।






















