ਅੰਮ੍ਰਿਤਪਾਲ ਸਿੰਘ ਦੀ ਤਾਜ਼ਾ ਸੈਲਫੀ ਆਈ ਸਾਹਮਣੇ, ਪੱਪਲਪ੍ਰੀਤ ਵੀ ਨਾਲ ਮੌਜੂਦ
ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਅੱਜ ਲਗਾਤਾਰ ਨੌਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਚਰਚਾ ਸੀ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹੀ ਹੈ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ।
Punjab News: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਾਜ਼ਾ ਸੈਲਫੀ ਸਾਹਮਣੇ ਆਈ ਹੈ। ਇਸ ਸੈਲਫੀ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਾਥੀ ਪਪਲਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ। ਇਸ ਸੈਲਫੀ ਕਿਸੇ ਹਾਈਵੇ ਦੇ ਕਿਨਾਰੇ ਬੈਠ ਕੇ ਲਈ ਗਈ ਹੈ। ਇਹ ਸੈਲਫੀ ਸਾਹਮਣੇ ਆਉਣ ਮਗਰੋਂ ਇਹ ਗੱਲ ਪੁਖਤਾ ਹੋ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਅੱਜ ਲਗਾਤਾਰ ਨੌਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਚਰਚਾ ਸੀ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹੀ ਹੈ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ। ਹੁਣ ਅੰਮ੍ਰਿਤਪਾਲ ਤੇ ਉਨ੍ਹਾਂ ਨਾਲ ਫਰਾਰ ਸਾਥੀ ਪਪਲਪ੍ਰੀਤ ਸਿੰਘ ਦੀ ਸੈਲਫੀ ਸਾਹਮਣੇ ਆਈ ਹੈ।
ਇਸ ਵਿੱਚ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਸਿੰਘ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਸੈਲਫੀ ਵਿੱਚ ਅੰਮ੍ਰਿਤਪਾਲ ਨੇ ਐਨਰਜ਼ੀ ਡਰਿੰਕ ਦਾ ਕੇਨ ਫੜਿਆ ਹੋਇਆ ਹੈ। ਸੈਲਫੀ ਕਿੱਥੇ ਦੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਜ਼ਿਕਰ ਕਰ ਦਈਏ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਫੜੋ-ਫੜੀ ਜਾਰੀ ਹੈ। ਪੱਟੀ ਤੋਂ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਵਰਿੰਦਰ ਸਿੰਘ ਗ੍ਰਿਫਤਾਰ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਸੀ। ਉਧਰ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਵਰਿੰਦਰ ਸਿੰਘ ਉਰਫ਼ ਫ਼ੌਜੀ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ।
ਫੌਜੀ, ਥਲ ਸੈਨਾ ’ਚੋਂ ਸੇਵਾ ਮੁਕਤ ਹੈ, ਅੰਮ੍ਰਿਤਪਾਲ ਦਾ ਅੰਗ ਰੱਖਿਅਕ ਸੀ। ਉਸ ਕੋਲ ਜੰਮੂ-ਕਸ਼ਮੀਰ ਤੋਂ ਜਾਰੀ ਹਥਿਆਰਾਂ ਦਾ ਲਾਇਸੈਂਸ ਸੀ, ਜੋ 23 ਫਰਵਰੀ ਨੂੰ ਅਜਨਾਲਾ ਝੜਪ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਹ ਉਨ੍ਹਾਂ 10 ਬੰਦੂਕਧਾਰੀਆਂ ਵਿੱਚ ਸ਼ਾਮਲ ਸੀ, ਜੋ ਹਰ ਸਮੇਂ ਅੰਮ੍ਰਿਤਪਾਲ ਦੇ ਨਾਲ ਰਹਿੰਦੇ ਸਨ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਰਚ ਅਪਰੇਸ਼ਨ ਦੌਰਾਨ 18 ਮਾਰਚ ਮਗਰੋਂ ਫੜੇ 353 ਨੌਜਵਾਨਾਂ ’ਚੋਂ ਹੁਣ ਤੱਕ 197 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ ਮੁੱਢਲੀ ਪੜਤਾਲ ਮਗਰੋਂ ਇਨ੍ਹਾਂ ਨੌਜਵਾਨਾਂ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ।