ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦਾ ਪਤਾ ਲੱਗ ਗਿਆ ਹੈ। ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ’ਚ ਆਪਣੇ ਫੇਸਬੁੱਕ ਯਾਰ ਕੋਲ ਰਹਿ ਰਿਹਾ ਸੀ। ਉਸ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦਰਅਸਲ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਏ ਜਥੇ ਵਿੱਚੋਂ ਅਮਰਜੀਤ ਸਿੰਘ ਗਾਇਬ ਹੋ ਗਿਆ ਸੀ। ਉਸ ਦੀ ਗੁੰਮਸ਼ੁਦਗੀ ਦਾ ਪਤਾ ਉਦੋਂ ਲੱਗਾ, ਜਦੋਂ ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ’ਤੇ ਉਸ ਦਾ ਪਾਸਪੋਰਟ ਮੋੜਨ ਲਈ ਆਵਾਜ਼ਾਂ ਮਾਰੀਆਂ ਗਈਆਂ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਿਰੰਜਣਪੁਰ ਦਾ ਅਮਰਜੀਤ ਸ਼ੇਖੂਪੁਰਾ ਇਲਾਕੇ ’ਚ ਆਪਣੇ ਫੇਸਬੁੱਕ ਯਾਰ ਕੋਲ ਚਲਾ ਗਿਆ ਸੀ।
ਸੂਤਰਾਂ ਮੁਤਾਬਕ ਪਾਕਿਸਤਾਨ ਵਕਫ਼ ਬੋਰਡ ਦੇ ਅਧਿਕਾਰੀ ਉਸ ਨੂੰ ਜਲਦੀ ਹੀ ਭਾਰਤ ਭੇਜ ਸਕਦੇ ਹਨ। ਅਮਰਜੀਤ ਸਿੰਘ ਜਥੇ ਨਾਲ 12 ਅਪਰੈਲ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਗਿਆ ਸੀ। ਇਹ ਜਥਾ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰ ਕੇ 21 ਅਪਰੈਲ ਨੂੰ ਵਤਨ ਪਰਤ ਆਇਆ ਹੈ।
ਜਥੇ ਵਿੱਚ 1796 ਸ਼ਰਧਾਲੂਆਂ ਵਿੱਚੋਂ 1794 ਹੀ ਪਰਤੇ ਹਨ ਕਿਉਂਕਿ ਜਥੇ ਦੀ ਇੱਕ ਹੋਰ ਮੈਂਬਰ ਕਿਰਨ ਬਾਲਾ ਨੇ ਪਹਿਲਾਂ ਹੀ ਲਹਿੰਦੇ ਪੰਜਾਬ ’ਚ ਇਸਲਾਮ ਅਪਣਾ ਕੇ ਉਥੋਂ ਦੇ ਵਾਸੀ ਨਾਲ ਨਿਕਾਹ ਕਰ ਲਿਆ।