ਬਠਿੰਡਾ: ਸ਼ੱਕੀ ਪਤੀ ਨੇ ਪਤਨੀ ਨੂੰ ਤੇਲ ਪਾ ਕੇ ਸਾੜ ਦਿੱਤਾ। ਉਹ ਹਸਪਤਾਲ ਅੰਦਰ ਆਈਸੀਯੂ ਵਾਰਡ ਵਿੱਚ ਜ਼ਿੰਦਗੀ ਲਈ ਮੌਤ ਨਾਲ ਲੜ ਰਹੀ ਹੈ। ਮਾਮਲਾ ਬਠਿੰਡਾ ਨੇੜਲੇ ਪਿੰਡ ਬੀਬੀ ਵਾਲਾ ਦਾ ਹੈ ਜਿੱਥੇ ਪਤੀ ਨੇ ਨਸ਼ੇ ਤੇ ਸ਼ੱਕ ਦੇ ਚੱਲਦਿਆਂ ਆਪਣੀ ਪਤਨੀ ਉਪਰ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ।
ਪਰਿਵਾਰ ਮੁਤਾਬਕ ਮੌੜ ਮੰਡੀ ਦੀ ਸਿਮਰਨਜੀਤ ਦਾ ਵਿਆਹ 2006 ਵਿੱਚ ਬਠਿੰਡਾ ਦੇ ਬੀਬੀ ਵਾਲਾ ਪਿੰਡ ਵਿੱਚ ਅਮਰੀਕ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਵੀ ਹਨ ਪਰ ਨਸ਼ੇ ਤੇ ਸ਼ੱਕ ਦੇ ਚੱਲਦਿਆਂ ਅਮਰੀਕ ਸਿੰਘ ਅਕਸਰ ਸਿਮਰਨਜੀਤ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਬਹੁਤ ਵਾਰ ਇਹ ਮਾਮਲਾ ਥਾਣੇ ਤੇ ਪੰਚਾਇਤਾਂ ਵਿੱਚ ਜਾ ਕੇ ਨਿੱਬੜਿਆ ਸੀ।
ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਹੀ ਅਮਰੀਕ ਸਿੰਘ ਨਥਾਣਾ ਥਾਣੇ ਤੇ ਪੰਚਾਇਤ ਰਾਹੀਂ ਸਿਮਰਨਜੀਤ ਨੂੰ ਆਪਣੇ ਘਰ ਲੈ ਕੇ ਗਿਆ ਸੀ। ਹੁਣ ਫਿਰ ਸ਼ੱਕ ਕਰਕੇ ਝਗੜਾ ਇੱਕਦਮ ਇੰਨਾ ਵਧ ਗਿਆ ਕੇ ਗੁੱਸੇ ਵਿੱਚ ਆਏ ਅਮਰੀਕ ਸਿੰਘ ਨੇ ਉਨ੍ਹਾਂ ਦੀ ਬੇਟੀ ਉੱਪਰ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ।
ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਸਿਮਰਨਜੀਤ ਦੀ ਹਾਲਤ ਕਾਫੀ ਗੰਭੀਰ ਹੈ। ਉਸ ਨੂੰ ਆਈਸੀਯੂ ਵਾਰਡ ਵਿੱਚ ਰੱਖਿਆ ਗਿਆ ਹੈ। ਪੁਲਸ ਨੇ ਪੀੜਤ ਤੇ ਉਸ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।