Waris Punjab De : CM ਮਾਨ ਸਰਕਾਰ ਦਹਿਸ਼ਤ ਪੈਦਾ ਕਰ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ : ਅੰਮ੍ਰਿਤਪਾਲ ਸਿੰਘ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਹਿਸ਼ਤ ਪਾ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ 'ਤੇ ਕੱਸੇ ਸ਼ਿਕੰਜੇ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ
Amritsar News : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਹਿਸ਼ਤ ਪਾ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ 'ਤੇ ਕੱਸੇ ਸ਼ਿਕੰਜੇ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਬੰਦੂਕਾਂ ਨਾਲ ਤਸਵੀਰਾਂ ਖਿਚਵਾਈਆਂ ਹਨ। ਉਨ੍ਹਾਂ ਨੇ ਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਵਾਲੇ ਨੌਜਵਾਨਾਂ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।
ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹੀਰ ਆਰੰਭ ਹੋਈ ਹੈ। ਇਹ ਖਾਲਸਾ ਵਹੀਰ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦੀ ਹੋਈ ਲਗਪਗ ਇੱਕ ਮਹੀਨੇ ਮਗਰੋਂ ਸ੍ਰੀ ਆਨੰਦਪੁਰ ਸਾਹਿਬ ਸਮਾਪਤ ਹੋਵੇਗੀ। ਬੁੱਧਵਾਰ ਨੂੰ ਖਾਲਸਾ ਵਹੀਰ ਦੀ ਆਰੰਭਤਾ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਸ਼ਾਮਲ ਹੋਏ। ਖਾਲਸਾ ਵਹੀਰ ਦੇ ਅੱਗੇ ਪੰਜ ਪਿਆਰੇ ਅਗਵਾਈ ਕਰ ਰਹੇ ਹਨ, ਜਦਕਿ ਪਾਵਨ ਸਰੂਪ ਫੁੱਲਾਂ ਨਾਲ ਸਜੀ ਬੱਸ ਵਿੱਚ ਰੱਖੀ ਪਾਲਕੀ ਵਿੱਚ ਸੁਸ਼ੋਭਿਤ ਹੈ।
ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਖਿਆ ਕਿ ਇਹ ਖਾਲਸਾ ਵਹੀਰ ਪੰਜਾਬ ਵਿਚ 30 ਦਿਨ ਚੱਲੇਗੀ ਤੇ ਇਸ ਦੀ ਸਮਾਪਤੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ। ਇਸ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ 13 ਪੜਾਅ ਕੀਤੇ ਜਾਣਗੇ, ਜਿਥੇ ਗੁਰਮਤਿ ਦਰਬਾਰ ਤੇ ਅੰਮ੍ਰਿਤ ਸੰਚਾਰ ਹੋਵੇਗਾ। ਬੁੱਧਵਾਰ ਦਾ ਪਹਿਲਾ ਪੜਾਅ ਜੰਡਿਆਲਾ ਗੁਰੂ ਵਿੱਚ ਕੀਤਾ ਗਿਆ ਜਿੱਥੋਂ ਅੱਜ ਖਾਲਸਾ ਵਹੀਰ ਅੱਗੇ ਚੱਲੇਗੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਖਾਲਸਾ ਵਹੀਰ ਧਰਮ ਪ੍ਰਚਾਰ ਕਰਨ ਦਾ ਪੁਰਾਤਨ ਢੰਗ ਹੈ, ਜਿਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।