ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਥਾਣਾ ਮਹਿਤਾ ਦੀ ਪੁਲਿਸ ਨੇ ਇਕ ਹੈਰੋਇਨ ਤਸਕਰ ਨੂੰ 20 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਇਸ ਤਸਕਰ ਦੀ ਪਹਿਚਾਣ ਮੁਹੱਬਤਜੀਤ ਸਿੰਘ ਵਾਸੀ ਨਾਥ ਦੀ ਖੂਹੀ ਵਜੋਂ  ਹੋਈ ਹੈ, ਜੋ ਇਕ ਹਿਸਟ੍ਰੀ ਸ਼ੀਟਰ ਹੈ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਨਾਲ ਜੁੜਿਆ ਹੈ।

 

ਡੀਅੇੈਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਹੱਬਤਜੀਤ ਕੋਲੋਂ ਡਬਲ ਬੈਰਲ 12 ਬੋਰ, 6 ਜਿੰਦਾ ਰੋਂਦ ਤੇ ਇਕ ਇਨੋਵਾ ਕਾਰ ਵੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਇਹ ਕੈਸ਼ ਹੈਰੋਇਨ ਦੀ ਖੇਪ ਲਈ ਇਸਤੇਮਾਲ ਕੀਤਾ ਜਾਣਾ ਸੀ ਤੇ ਪੁਲਿਸ ਹੁਣ ਮੁਹੱਬਤਜੀਤ ਦੇ ਸਰਹੱਦ ਪਾਰਲੇ ਕੂਨੈਕਸ਼ਨ ਪਤਾ ਕਰਨ 'ਚ ਲੱਗੀ ਹੈ ਤੇ ਇਸ ਦੇ ਖਿਲਾਫ ਵੱਖ -ਵੱਖ ਥਾਣਿਆਂ 'ਚ ਨਸ਼ਾ ਤਸਕਰੀ, ਅਸਲਾ ਅੇੈਕਟ ਤੇ ਲੁੱਟਾਂ ਖੋਹਾਂ ਦੇ ਮਾਮਲੇ ਦਰਜ ਹਨ।

 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇੱਕ ਅੰਤਰ-ਰਾਜੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਗੁਜਰਾਤ ਏਟੀਐਸ ਦੇ 126 ਕਿਲੋ ਹੈਰੋਇਨ ਮਾਮਲੇ ਵਿੱਚ ਲੋੜੀਂਦਾ ਸੀ। ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਛੇਹਰਟਾ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

 

 ਡੀਜੀਪੀ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੀ ਪੁਲੀਸ ਟੀਮ ਨੇ ਰਾਜਬੀਰ ਨੂੰ ਅੰਮ੍ਰਿਤਸਰ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਟੀਮਾਂ ਨੇ ਉਸਦੀ ਟੋਇਟਾ ਕਾਰ ਵਿੱਚੋਂ 128 ਗ੍ਰਾਮ ਹੈਰੋਇਨ ਅਤੇ 9,60,000 ਰੁਪਏ ਦੀ ਡਰੱਗ ਮਨੀ ਸਮੇਤ ਤੋਲਣ ਵਾਲੀ ਇੱਕ ਇਲੈਕਟ੍ਰਾਨਿਕ ਮਸ਼ੀਨ ਬਰਾਮਦ ਕੀਤੀ ਹੈ