ਅੰਮ੍ਰਿਤਸਰ: ਅਗਲੇ ਮਹੀਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਬਰਮਿੰਘਮ ਲਈ ਸ਼ੁਰੂ ਹੋਣ ਜਾ ਰਹੀ ਸਿੱਧੀ ਉਡਾਣ ਨੂੰ ਲੈ ਕੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਆਹਮੋ-ਸਾਹਮਣੇ ਹੋ ਗਏ ਹਨ। ਦੋਹਾਂ ਵੱਲੋਂ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਕੀਤੇ ਗਏ ਯਤਨਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਸਾਂਸਦ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸ਼ੁਰੂ ਹੋਣ ਵਾਲੀ ਇਸ ਫਲਾਈਟ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਇਹ ਫਲਾਈਟ 15 ਫਰਵਰੀ ਤੋਂ ਸ਼ੁਰੂ ਹੋਵੇਗੀ। ਇਹ ਫਲਾਈਟ ਹਫਤੇ ਵਿੱਚ ਦੋ ਦਿਨ ਚੱਲੇਗੀ, ਜਿਸ ਨਾਲ ਪੰਜਾਬੀਆਂ ਨੂੰ ਇਸ ਦਾ ਕਾਫੀ ਲਾਭ ਹੋਵੇਗਾ।
ਔਜਲਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਿੱਦਾਂ ਹੀ ਇਸ ਦੀ ਜਾਣਕਾਰੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਮਿਲੀ ਤਾਂ ਉਨ੍ਹਾਂ ਕਿਹਾ ਕਿ ਔਜਲਾ ਨੂੰ ਇਸ ਫਲਾਈਟ ਦੇ ਸ਼ੁਰੂ ਹੋਣ ਬਾਰੇ ਸਹੀ ਜਾਣਕਾਰੀ ਨਹੀਂ ਤੇ ਨਾ ਹੀ ਇਸ ਨੂੰ ਸ਼ੁਰੂ ਕਰਵਾਉਣ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਹੈ। ਮਲਿਕ ਨੇ ਦੱਸਿਆ ਕਿ ਇਹ ਫਲਾਈਟ 20 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੀ ਸ਼ੁਰੂਆਤ ਕੇਂਦਰੀ ਹਾਵਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਆਪ ਕਰਨਗੇ। ਮਲਿਕ ਨੇ ਕਿਹਾ ਕਿ ਕਾਂਗਰਸੀ ਸਾਂਸਦ ਨੂੰ ਕੇਂਦਰ ਵੱਲੋਂ ਕੀਤੇ ਗਏ ਸਾਰੇ ਕੰਮਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਆਦਤ ਹੈ।