ਪੜਚੋਲ ਕਰੋ
ਪੰਜਾਬ ਦੇ ਕਿਸਾਨਾਂ ਲਈ ਖੁਸ਼ਖ਼ਬਰੀ, ਵਿਦੇਸ਼ਾਂ 'ਚ ਵਿਕਣਗੀਆਂ ਸਬਜ਼ੀਆਂ

ਅੰਮ੍ਰਿਤਸਰ: ਭਾਰਤੀ ਏਅਰਪੋਰਟ ਅਥਾਰਟੀ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੱਕ ਵਾਰ ਫਿਰ ਮਿਡਲ ਈਸਟ ਦੇਸ਼ਾਂ ਤੋਂ ਸਬਜ਼ੀਆਂ ਆਦਿ ਭੇਜਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਵਿੱਚ ਏਅਰਪੋਰਟ ਅਥਾਰਟੀ, ਵੱਖ-ਵੱਖ ਏਅਰਲਾਈਨਜ਼ ਦੇ ਅਧਿਕਾਰੀਆਂ, ਕਿਸਾਨਾਂ ਤੇ ਐਕਸਪੋਟਰਾਂ ਦੀ ਹੋਈ ਮੀਟਿੰਗ ਵਿੱਚ ਸਾਰਿਆਂ ਇਸ ਲਈ ਸਹਿਮਤੀ ਜਤਾਈ ਹੈ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅਥਾਰਟੀ ਜਲਦ ਹੀ ਅੰਮ੍ਰਿਤਸਰ ਵਿੱਚ ਆਪਣਾ ਨੋਡਲ ਅਧਿਕਾਰੀ ਨਿਯੁਕਤ ਕਰੇਗੀ ਜੋ ਹਰ ਮਹੀਨੇ ਕਿਸਾਨਾਂ, ਸਨਅਤ ਤੇ ਐਕਸਪੋਟਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ।
ਪਹਿਲਾਂ ਕਈ ਸਾਲਾਂ ਤਕ ਅੰਮ੍ਰਿਤਸਰ ਕਾਰਗੋ ਚੱਲਦਾ ਰਿਹਾ ਹੈ ਤੇ ਇੱਥੋਂ 900 ਟਨ ਤਕ ਸਬਜ਼ੀਆਂ ਦਾ ਨਿਰਯਾਤ ਹੋਇਆ ਹੈ, ਪਰ 29 ਮਈ, 2014 ਤੋਂ ਇਹ ਬੰਦ ਕਰ ਦਿੱਤਾ ਗਿਆ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਇਨ੍ਹਾਂ ਰੂਟਾਂ ਤੋਂ ਚੱਲਣ ਵਾਲੀਆਂ ਕਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸੀ। ਹੁਣ ਮੁੜ ਅੰਮ੍ਰਿਤਸਰ ਕਾਰਗੋ ਸ਼ੁਰੂ ਹੋਣ ਨਾਲ ਸਬਜ਼ੀਆਂ ਤੇ ਫਲਾਂ ਦਾ ਨਿਰਯਾਤ ਹੋ ਸਕੇਗਾ, ਜਿਸ ਨਾਲ ਪੰਜਾਬ ਨੂੰ ਕਾਫੀ ਲਾਭ ਪੁੱਜੇਗਾ।
ਇਸ ਸਬੰਧੀ ਅਧਿਕਾਰੀ ਕੀਕੂ ਗਜੇਧਰ ਨੇ ਦੱਸਿਆ ਕਿ ਸਾਡੇ ਕੋਲ ਪੈਦਾਵਾਰ ਤੇ ਬਾਜ਼ਾਰ ਦੋਵੇਂ ਮੌਜੂਦ ਹੈ, ਬੱਸ ਇਨ੍ਹਾਂ ਨੂੰ ਆਪਸ ਵਿੱਚ ਲਿੰਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਮਿਡਲ ਈਸਟ ਦੇਸ਼ਾਂ ਵਿੱਚ ਕੱਚੀ ਛੱਲੀ, ਮਟਰ, ਭਿੰਡੀ, ਹਰੀ ਮਿਰਚ, ਕੱਦੂ, ਅੰਬ, ਧਨੀਆ, ਕਰੇਲਾ ਆਦਿ ਦੀ ਕਾਫੀ ਮੰਗ ਹੈ। 2009-10 ਵਿੱਚ ਸਿਰਫ ਅੰਮ੍ਰਿਤਸਰ ਕਾਰਗੋ ਤੋਂ ਹੀ 908.11 ਮੀਟਰਕ ਟਨ ਸਬਜ਼ੀਆਂ ਤੇ ਫਲ ਨਿਰਯਾਤ ਕੀਤੇ ਗਏ ਸੀ। ਇਨ੍ਹਾਂ ਸਬਜ਼ੀਆਂ ਦੀ ਸਭਤੋਂ ਜ਼ਿਆਦਾ ਮੰਗ ਲੰਦਨ ਵਿੱਚ ਸੀ, ਜਿੱਥੋਂ ਦੀਆਂ ਉਡਾਣਾਂ ਬੰਦ ਹੋ ਚੁੱਕੀਆਂ ਹਨ।
29 ਅਗਸਤ ਨੂੰ ਹੋਈ ਮੀਟਿੰਗ ਵਿੱਚ ਸਾਰੀਆਂ ਸਬੰਧਤ ਏਅਰਲਾਈਨਜ਼ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਵਿੱਚ ਏਅਰ ਇੰਡੀਆ, ਤੁਰਕੇਮੇਨਿਸਤਾਨ, ਉਜਬੇਕਿਸਤਾਨ, ਸਕਾਟ ਏਅਰ, ਸਪਾਈਸ ਜੈਟ, ਕਤਰ ਏਅਰ ਤੇ ਮਲਿੰਡ ਏਅਰ ਦੇ ਪ੍ਰਤੀਨਿਧਾਂ ਨੇ ਕਾਰਗੋ ਨੂੰ ਦੁਬਾਰਾ ਸ਼ੁਰੂ ਕਰਨ ’ਤੇ ਸਹਿਮਤੀ ਜਤਾਈ।
ਮੌਜੂਦਾ ਸਬਜ਼ੀਆਂ ਨੂੰ ਛੱਡ ਕੇ ਇੱਥੋਂ ਬਾਕੀ ਹੋਰ ਸਾਮਾਨ ਜਿਵੇਂ ਰੈਡੀਮੇਡ ਕੱਪੜੇ, ਇੰਜਨਰਿੰਗ ਟੂਲ, ਖੇਡਾਂ ਦਾ ਸਾਮਾਨ, ਕੱਪੜੇ ਆਦਿ ਨਿਰਯਾਤ ਕੀਤਾ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















