ਕਿਸਾਨ ਅੰਦੋਲਨ ਦਾ ਲੇਖਾ-ਜੋਖਾ, ਕਿਰਤੀ ਕਿਸਾਨਾਂ ਤੇ ਹੋਰ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਕਰਾਰ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨ੍ਹੇ ਟੱਪ ਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।
ਬਰਨਾਲਾ: 32 ਜਥੇਬੰਦੀਆਂ `ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ `ਤੇ ਲਾਇਆ ਧਰਨਾ ਅੱਜ 422ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਦਿੱਲੀ ਦੇ ਬਾਰਡਰਾਂ ਤੇ ਚੱਲਦੇ ਇੱਕ ਸਾਲ ਦੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਕੀਤਾ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਸਾਡੇ ਸਾਂਝੇ ਸੰਗਮ ਨੂੰ ਬਲ ਤੇ ਛਲ ਦੋਵੇਂ ਢੰਗਾਂ ਨਾਲ ਪਾੜ੍ਹਨ ਖਿੰਡਾਉਣ ਦੀ ਪੂਰੀ ਵਾਹ ਲਾਈ ਪਰ ਸੂਝਵਾਨ ਲੀਡਰਸ਼ਿਪ ਤੇ ਪੰਜਾਬ ਤੋਂ ਚੱਲ ਕੇ ਮੁਲਕ ਪੱਧਰ ਤੱਕ ਪਸਾਰ ਕਰ ਚੁੱਕੇ ਕਿਸਾਨ/ਲੋਕ ਸੰਘਰਸ਼ ਨੇ ਸਿਦਕ, ਨਿਢਰਤਾ, ਸੰਜਮ, ਠਰੰਮੇ, ਜਾਬਤੇ ਨਾਲ ਟਾਕਰਾ ਕਰਕੇ ਪੜਾਛਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ ਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨ੍ਹੇ ਟੱਪ ਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ। ਬੁਲਾਰਿਆਂ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਕਾਫ਼ਲਲਿਆਂ ਨੇ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਤੱਕ ਰੋਹ ਭਰਪੂਰ ਮਾਰਚ ਕੀਤਾ।
ਅੱਜ ਦਿੱਲੀ ਮੋਰਚੇ ਅਤੇ ਸਥਾਨਕ ਧਰਨਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ 670 ਤੋਂ ਵਧੇਰੇ ਸ਼ਹੀਦ ਹੋਏ ਯੋਧਿਆਂ, ਜਿਨ੍ਹਾਂ ਦੀ ਸ਼ਹਾਦਤ ਸਦਕਾ ਮੋਦੀ ਹਕੂਮਤ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨਾ ਪਿਆ ਹੈ। ਇਹ ਸ਼ਹੀਦ ਮਰਕੇ ਵੀ ਅਮਰ ਹੋ ਗਏ ਹਨ। ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਸ਼ਹੀਦਾਂ ਦੀ ਕਰਬਾਨੀ ਨੂੰ ਯਾਦ ਰੱਖਣਗੀਆਂ।
ਅੱਜ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਕੇ ਰਹਿੰਦੀਆਂ ਮੰਗਾਂ ਖਾਸ ਕਰ ਐਮਐਸਪੀ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ-2020 ਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।