ਬਠਿੰਡਾ: ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਵਿਚਲੀ ਰਿਹਾਇਸ਼ ਅੱਗੇ ਸੋਮਵਾਰ ਸਵੇਰ ਕਰੀਬ 4 ਵਜੇ ਤੋਂ ਧਰਨਾ ਦੇ ਰਹੀਆਂ ਕਰੀਬ 25 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਂਗਣਵਾੜੀ ਵਰਕਰਾਂ ਨੂੰ ਪੁਲਿਸ ਚੌਕੀ ਦਿਆਲਪੁਰਾ ਭਾਈ ਵਿੱਚ ਹਿਰਾਸਤ ਅਧੀਨ ਰੱਖਿਆ ਲਿਆਦਾ ਗਿਆ।
ਆਂਗਣਵਾੜੀ ਵਰਕਰਾਂ ਨੇ ਥਾਣੇ ਅੰਦਰ ਹੀ ਸਰਕਾਰ ਖਿਲਾਫ ਨਾਹਰੇਬਾਜ਼ੀ ਕਰ ਦਿੱਤੀ। ਆਪਣੀਆਂ ਸਾਥਣਾਂ ਦੇ ਪੱਖ ਵਿੱਚ ਹੋਰ ਆਂਗਨਵਾੜੀ ਵਰਕਰਾਂ ਵੀ ਮੌਕੇ 'ਤੇ ਪੁੱਜ ਰਹੀਆਂ ਹਨ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਆਂਗਣਵਾੜੀ ਵਰਕਰਾਂ ਨਾਲ ਪੁਲਿਸ ਨੇ ਇਸ ਤਰ੍ਹਾਂ ਸਖ਼ਤੀ ਵਰਤੀ ਹੋਵੇ। ਇਸ ਤੋਂ ਪਹਿਲਾਂ ਬੀਤੀ ਛੇ ਮਈ ਨੂੰ ਆਂਗਣਵਾੜੀ ਵਰਕਰਾਂ ਨੇ ਸੂਬੇ ਪੱਧਰ 'ਤੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਨੂੰ ਘੇਰਨ ਦੀ ਮੁਹਿੰਮ ਚਲਾਈ ਸੀ। ਕਾਫੀ ਅਸਰਦਾਰ ਰਹੀ ਇਸ ਮੁਹਿੰਮ ਵਿੱਚ ਵੀ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਦੀ ਸਖ਼ਤੀ ਤੇ ਬੇਰੁਖ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਆਂਗਣਵਾੜੀ ਵਰਕਰਾਂ ਦੀਆਂ ਮੰਗਾਂ-
ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਹਰਿਆਣਾ ਸਰਕਾਰ ਦੀ ਤਰਜ਼ ਮਾਣ ਭੱਤਾ ਲਾਗੂ ਕੀਤਾ ਜਾਵੇ। ਹਰਿਆਣਾ ਵਿੱਚ ਆਂਗਣਵਾੜੀ ਵਰਕਰ ਨੂੰ 10,000 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ, ਜਦਕਿ ਪੰਜਾਬ ਵਿੱਚ ਵਰਕਰ ਨੂੰ 5,600 ਤੇ ਹੈਲਪਰ ਨੂੰ 2,800 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ।
ਕੈਪਟਨ ਸਰਕਾਰ ਨੇ ਬੀਤੇ ਸਾਲ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ ਬੱਚੇ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ੇਸ਼ ਪ੍ਰੀ ਨਰਸਰੀ ਜਮਾਤ ਸ਼ੁਰੂ ਕਰ ਕੇ, ਉੱਥੇ ਭੇਜ ਦਿੱਤੇ ਸਨ। ਪਰ ਆਂਗਣਵਾੜੀ ਵਰਕਰਾਂ ਦੀ ਮੰਗ ਹੈ ਕਿ ਉਹ ਬੱਚੇ ਉਨ੍ਹਾਂ ਦੇ ਸੈਂਟਰਾਂ ਵਿੱਚ ਹੀ ਭੇਜੇ ਜਾਣ। ਇਸ ਤੋਂ ਇਲਾਵਾ ਬਠਿੰਡਾ ਬਲਾਕ ਨੂੰ ਮੁੱਖ ਵਿਭਾਗ ਵਿੱਚ ਸ਼ਾਮਿਲ ਕਰਨਾ ਅਤੇ ਪੈਨਸ਼ਨ ਤੇ ਗਰੈਚੁਇਟੀ ਦੇ ਸਾਰੇ ਲਾਭ ਲਾਗੂ ਕਰਵਾਉਣਾ ਆਦਿ ਸ਼ਾਮਿਲ ਹਨ।