Punjab News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  (Arvind Kejriwal) ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ (Bhagwant Mann) ਸਰਕਾਰ ਦੀ ਤਰੀਫ਼ ਕੀਤੀ ਹੈ। ਉਨ੍ਹਾਂ 25 ਮਾਰਚ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੇ ਉਦਘਾਟਨ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ, ਪਹਿਲਾਂ ਵੀ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ, ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਕਈ ਵਾਰ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਸਖ਼ਤ ਫ਼ੈਸਲੇ ਲੈਣ ਦੇ ਸਮਰੱਥ ਹੈ।


ਬਿਨਾਂ ਫਾਇਰਿੰਗ ਦੇ ਸਥਿਤੀ 'ਤੇ ਪਾਇਆ ਕਾਬੂ


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਬਿਨਾਂ ਗੋਲੀ ਚਲਾਈ ਤੇ ਨਾ ਹੀ ਕੋਈ ਖੂਨ ਵਹਾਏ ਪੂਰੀ ਸਥਿਤੀ ਨੂੰ ਕਾਬੂ ਵਿੱਚ ਪਾਇਆ ਗਿਆ। ਉਨ੍ਹਾਂ ਕਿਹਾ, ਪੰਜਾਬ ਦੀ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੱਜ ਡਰ ਦੇ ਮਾਰੇ ਭੱਜ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਣ ਨੂੰ ਖਰਾਬ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


ਜਦੋਂ 3 ਕਰੋੜ ਪੰਜਾਬੀ ਸਰਕਾਰ ਦੇ ਨਾਲ ਹੋਣਗੇ ਤਾਂ ਕਿਸੇ ਵੀ ਨਸ਼ਾ ਤਸਕਰੀ ਦੀ ਹਿੰਮਤ ਨਹੀਂ ਹੋਵੇਗੀ ਨਸ਼ਾ ਵੇਚਣ ਦੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੌਰਾਨ ਉਨ੍ਹਾਂ ਦੇ ਵਿਧਾਇਕ ਅਤੇ ਮੰਤਰੀ ਗੈਂਗਸਟਰਾਂ, ਮਾਫੀਆ ਅਤੇ ਅਪਰਾਧੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਕਿਸੇ ਨਾਲ ਅਜਿਹੀ ਸੈਟਿੰਗ ਨਹੀਂ ਹੈ, ਜਿਸ ਕਾਰਨ ਅੱਜ ਗੈਂਗਸਟਰਾਂ ਅਤੇ ਮਾਫੀਆ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।


 ਕੀ ਬੋਲੇ ਸਿੱਖਿਆ ਪ੍ਰਣਾਲੀ ਬਾਰੇ?


ਦਿੱਲੀ ਦੇ ਸੀਐਮ ਕੇਜਰੀਵਾਲ ਨੇ ਉਥੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਰਾਹੀਂ ਗੁਰੂ ਰਵਿਦਾਸ ਦੀ ਪਵਿੱਤਰ ਬਾਣੀ ਨੂੰ ਪੰਜਾਬ ਅਤੇ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ 'ਤੇ ਰਿਸਰਚ ਕੀਤੀ ਜਾਵੇਗੀ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਅਜਿਹੇ ਮਹਾਨ ਅਤੇ ਪੁੰਨ ਦੇ ਕਾਰਜ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਵਿੱਚ ਸਿੱਖਿਆ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ। ਬਾਬਾ ਸਾਹਿਬ ਨੇ ਇੱਕ ਪੀਐਚਡੀ ਦੀ ਡਿਗਰੀ ਅਮਰੀਕਾ ਤੋਂ ਕੀਤੀ ਅਤੇ ਦੂਜੀ ਲੰਡਨ ਤੋਂ। ਉਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਅਤੇ ਅੱਜ ਪੂਰੀ ਦੁਨੀਆ ਉਸ ਸੰਵਿਧਾਨ ਨੂੰ ਸਵੀਕਾਰ ਕਰਦੀ ਹੈ।


ਕੇਜਰੀਵਾਲ ਨੇ ਅੱਗੇ ਕਿਹਾ, ਸਾਡੇ ਤੋਂ ਪਹਿਲਾਂ ਆਈਆਂ ਸਾਰੀਆਂ ਸਰਕਾਰਾਂ ਨੇ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਕੰਮ ਨਹੀਂ ਕੀਤਾ ਤੇ ਨਾ ਹੀ ਕਿਸੇ ਸਰਕਾਰ ਨੇ ਸਕੂਲ ਬਣਾਉਣ ਦਾ ਕੰਮ ਕੀਤਾ ਹੈ। ਦਿੱਲੀ ਦੇ ਸਾਰੇ ਸਰਕਾਰੀ ਸਕੂਲ ਬਹੁਤ ਆਲੀਸ਼ਾਨ ਬਣਾ ਦਿੱਤੇ ਗਏ ਸਨ। ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਬਣਾਇਆ ਗਿਆ। ਹੁਣ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਡਾਕਟਰ, ਵਕੀਲ ਅਤੇ ਇੰਜੀਨੀਅਰ ਬਣ ਰਹੇ ਹਨ। ਉਨ੍ਹਾਂ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਅਗਲੇ ਪੰਜ ਸਾਲਾਂ ਤੱਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾਵੇਗੀ।"


ਮੁਹੱਲਾ ਕਲੀਨਿਕ ਬਾਰੇ ਕੀ?


ਸਿਹਤ ਪ੍ਰਣਾਲੀ 'ਤੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਬਹੁਤ ਆਲੀਸ਼ਾਨ ਬਣਾ ਦਿੱਤਾ ਹੈ। ਉੱਥੇ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹਨ। CM ਭਗਵੰਤ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਹਰ ਗਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਹਨ। ਦਿੱਲੀ ਵਿੱਚ 5 ਸਾਲਾਂ ਵਿੱਚ 550 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਪੰਜਾਬ ਵਿੱਚ, ਸੀਐਮ ਭਗਵੰਤ ਮਾਨ ਨੇ ਇੱਕ ਸਾਲ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹੇ ਹਨ।


ਨਸ਼ੇ ਦੇ ਸੌਦਾਗਰਾਂ 'ਤੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਜਦੋਂ ਤਿੰਨ ਕਰੋੜ ਲੋਕ ਇਕੱਠੇ ਹੋ ਕੇ ਸਰਕਾਰ ਦਾ ਸਾਥ ਦੇਣਗੇ ਤਾਂ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਨਸ਼ਾ ਵੇਚਣ, ਉਹ ਸਾਰੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕ ਦੇਣਗੇ। ਆਮ ਆਦਮੀ ਪਾਰਟੀ ਦੀ ਕਿਸੇ ਨਾਲ ਕੋਈ ਸਾਂਝ ਨਹੀਂ ਹੈ, ਇਸੇ ਕਰਕੇ ਪਿਛਲੇ ਇੱਕ ਸਾਲ ਤੋਂ ਸਾਰੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪੰਜਾਬ ਹੌਲੀ-ਹੌਲੀ ਲੀਹ 'ਤੇ ਆ ਰਿਹਾ ਹੈ।