ਬਦਲੇ ਹਾਲਾਤ ਨੂੰ ਵੇਖਦਿਆਂ ਕੇਜਰੀਵਾਲ ਦਾ ਪੰਜਾਬ ਦੌਰਾ ਰੱਦ, ਸੁਖਬੀਰ ਬਾਦਲ ਨੇ ਸੰਭਾਲਿਆ ਮੋਰਚਾ
ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਮੰਤਰੀ ਮੰਡਲ ਦੇ ਗਠਨ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਉਨ੍ਹਾਂ ਦੇ ਐਲਾਨ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਣਾ ਸੀ।
ਲੁਧਿਆਣਾ: ਪੰਜਾਬ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਤੇ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਆਪਣਾ ਲੁਧਿਆਣਾ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਬਾਰੇ ਚਰਚਾ ਸੀ ਕਿ ਉਹ ‘ਆਮ ਆਦਮੀ ਪਾਰਟੀ’ (ਆਪ) ਵਿੱਚ ਇੱਕ ਵੱਡੇ ਨੇਤਾ ਨੂੰ ਸ਼ਾਮਲ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਵੱਲੋਂ ਇੱਕ ਹੋਰ ਵੱਡਾ ਐਲਾਨ ਕਰਨ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਮੰਤਰੀ ਮੰਡਲ ਦੇ ਗਠਨ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਉਨ੍ਹਾਂ ਦੇ ਐਲਾਨ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਣਾ ਸੀ। ਇਸੇ ਲਈ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰਨਾ ਬਿਹਤਰ ਸਮਝਿਆ। ਹੁਣ 29 ਤੇ 30 ਸਤੰਬਰ ਨੂੰ ਉਹ ਦੁਬਾਰਾ ਲੁਧਿਆਣਾ ਪਹੁੰਚ ਸਕਦੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਲੁਧਿਆਣਾ ਦੇ ਅੱਠ ਸਥਾਨਾਂ 'ਤੇ ਪਹੁੰਚ ਰਹੇ ਹਨ। ਉਹ ਦਿਨ ਭਰ ਸਿਰਫ ਮੀਟਿੰਗਾਂ ਕਰਨਗੇ, ਕੋਈ ਸਿਆਸੀ ਰੈਲੀ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਰੈਲੀ ਨਹੀਂ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਲੁਧਿਆਣਾ ਆਉਣ ਵਾਲੇ ਸਨ। ਇੱਥੇ ਉਹ ਪ੍ਰੈੱਸ ਕਾਨਫਰੰਸ ਕਰਕੇ ‘ਪੰਜਾਬ ਰੁਜ਼ਗਾਰ ਗਰੰਟੀ’ ਦਾ ਐਲਾਨ ਕਰਨ ਵਾਲੇ ਸਨ।
ਇਸ ਤੋਂ ਪਹਿਲਾਂ ਉਹ ਬਿਜਲੀ ਦੇ ਬਿੱਲਾਂ ਦੀ ਰਕਮ ਘਟਾਉਣ ਦਾ ਐਲਾਨ ਕਰ ਚੁੱਕੇ ਹਨ। ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ 26 ਸਤੰਬਰ ਨੂੰ ਪ੍ਰਸਤਾਵਿਤ ਹੈ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਦੇਸ਼ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵੇਂ ਕਾਰਣਾਂ ਕਰ ਕੇ ਉਨ੍ਹਾਂ ਦੇ ਐਲਾਨ ਦਬ ਸਕਦੇ ਹਨ। ਇਸੇ ਲਈ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰਨਾ ਬਿਹਤਰ ਸਮਝਿਆ। ‘ਆਪ’ ਆਗੂ ਅਮਨ ਮੋਹੀ ਨੇ ਪੁਸ਼ਟੀ ਕੀਤੀ ਕਿ ਕੇਜਰੀਵਾਲ ਐਤਵਾਰ ਨੂੰ ਰੁਝੇਵਿਆਂ ਕਾਰਨ ਨਹੀਂ ਆ ਰਹੇ ਹਨ, ਪਰ ਹੁਣ 29 ਜਾਂ 30 ਸਤੰਬਰ ਨੂੰ ਆ ਸਕਦੇ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਐਤਵਾਰ ਨੂੰ ਲੁਧਿਆਣਾ ਪਹੁੰਚ ਰਹੇ ਹਨ। ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਉਹ ਅੱਠ ਮੀਟਿੰਗਾਂ ਕਰਨਗੇ। ਇਹ ਮੀਟਿੰਗਾਂ 11.30 ਤੋਂ 1.30 ਵਜੇ ਤੱਕ ਜੈਨ ਸਕੂਲ ਦਰੇਸੀ ਗਰਾਊਂਡ ’ਚ, ਦੁਪਹਿਰ 1.30 ਤੋਂ 2 ਵਜੇ ਤੱਕ ਸੰਗਲਾ ਸ਼ਿਵਾਲਯ ਮੰਦਰ ਵਿਖੇ, 2 ਤੋਂ 2.15 ਵਜੇ ਗਿਆਨ ਸਥਲ ਮੰਦਰ, 2.15 ਤੋਂ 3 ਵਜੇ ਤੱਕ ਕਲੱਬ ਰੋਡ ਵਿਖੇ ਹੋਣਗੀਆਂ।
ਇਸ ਤੋਂ ਬਾਅਦ 3 ਤੋਂ 4.30 ਵਜੇ ਤੱਕ ਪੁਰਾਣੀ ਡੀਐਮਸੀ ਦੇ ਸਾਹਮਣੇ, ਸ਼ਾਮ 4.30 ਤੋਂ 6 ਵਜੇ ਤੱਕ ਸਰਗੋਧਾ ਕਲੋਨੀ, ਸ਼ਾਮ 6 ਤੋਂ 8 ਵਜੇ ਤੱਕ ਮਾਡਲ ਟਾਊਨ ਵਿੱਚ ਮੀਟਿੰਗ ਹੋਵੇਗੀ। 8.30 ਤੋਂ 10 ਵਜੇ ਤੱਕ ਕਾਰੋਬਾਰੀਆਂ ਨਾਲ ਰਾਤ ਦੇ ਖਾਣੇ ਦਾ ਆਯੋਜਨ ਹੋਵੇਗਾ।